ਠੰਢ ਵਧਣ ਦੇ ਬਾਵਜੂਦ ਕਿਸਾਨਾਂ ’ਚ ਜੋਸ਼ ਬਰਕਰਾਰ

ਜਗਰਾਉਂ ਤੇ ਚੌਕੀਮਾਨ ਮੋਰਚਿਆਂ ਵਿੱਚ ਡਟੇ ਰਹੇ ਕਿਸਾਨ

ਠੰਢ ਵਧਣ ਦੇ ਬਾਵਜੂਦ ਕਿਸਾਨਾਂ ’ਚ ਜੋਸ਼ ਬਰਕਰਾਰ

ਜਗਰਾਉਂ ਵਿੱਚ ਧਰਨਾ ਦੇ ਰਹੇ ਕਿਸਾਨ-ਮਜ਼ਦੂਰ।

ਜਸਬੀਰ ਸ਼ੇਤਰਾ
ਜਗਰਾਉਂ, 2 ਦਸੰਬਰ

ਦੋ ਦਿਨ ਤੋਂ ਧੁੱਪ ਨਾ ਨਿਕਲਣ ਅਤੇ ਠੰਢ ਵੱਧ ਜਾਣ ਦੇ ਬਾਵਜੂਦ ਕਿਸਾਨ ਮੋਰਚਿਆਂ ’ਚ ਗਰਮਾਹਟ ਤੇ ਜੋਸ਼ ਬਰਕਰਾਰ ਹੈ। ਇਥੇ ਰੇਲਵੇ ਪਾਰਕ ਅਤੇ ਚੌਕੀਮਾਨ ਟੌਲ ’ਤੇ ਚੱਲ ਰਹੇ ਕਿਸਾਨ ਮੋਰਚਿਆਂ ’ਚ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੋਰਚੇ ਦੀ ਅਗਵਾਈ ਹੇਠ ਦਿੱਲੀ ਹੱਦਾਂ ਅਤੇ ਪੰਜਾਬ ਭਰ ’ਚ ਕਿਸਾਨ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਇਹ ਸੰਘਰਸ਼ ਬਾਕੀ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਖ਼ਤਮ ਹੋਣ ਵਾਲਾ ਨਹੀਂ। ਬੀਤੇ ਦਿਨੀਂ ਸਿੰਘੂ ਬਾਰਡਰ ’ਤੇ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ’ਚ ਸਾਰੇ ਕਿਸਾਨਾਂ ਨੂੰ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ’ਚ ਡਟੇ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਐੱਮਐੱਸਪੀ ਸਬੰਧੀ ਸਰਕਾਰ ਨੇ ਪੰਜ ਕਿਸਾਨ ਆਗੂਆਂ ਦੇ ਨਾਂ ਕਮੇਟੀ ਲਈ ਮੰਗੇ ਹਨ ਪਰ ਕਮੇਟੀ ਦੀ ਬਣਤਰ ਤੇ ਸਮਾਂਬੱਧਤਾ ਸਮੇਤ ਪੁਲੀਸ ਕੇਸ ਰੱਦ ਕਰਨ, ਸ਼ਹੀਦ ਪਰਿਵਾਰਾਂ ਲਈ ਆਰਥਿਕ ਰਾਹਤ, ਲਖੀਮਪੁਰ ਖੀਰੀ ਦੇ ਕਥਿਤ ਦੋਸ਼ੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ, ਬਿਜਲੀ ਐਕਟ-2020 ਨੂੰ ਰੱਦ ਕਰਨ ਆਦਿ ਮੁੱਦੇ ਹੱਲ ਕਰਨ ਸਬੰਧੀ ਅਜੇ ਮੋਦੀ ਹਕੂਮਤ ਪੁਰਾਣੇ ਮੂਡ ’ਚ ਹੀ ਹੈ, ਜਿਸ ਲਈ ਮੋਡ ਆਫ ਐਕਸ਼ਨ ਬਦਲਣਾ ਸੰਯੁਕਤ ਕਿਸਾਨ ਮੋਰਚੇ ਦੀ ਮਜਬੂਰੀ ਹੋਵੇਗੀ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਬਾਰਡਰਾਂ ’ਤੇ ਹਰ ਪਿੰਡ ਦੀ ਤਸੱਲੀਬਖਸ਼ ਹਾਜ਼ਰੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਚਾਰ ਦਸੰਬਰ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਣੀ ਹੈ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ’ਚ ਸ਼ਹੀਦ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਦਾ ਮਾਮਲਾ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਜਾਣਬੁੱਝ ਕੇ ਲਟਕਾ ਰਹੀ ਹੈ, ਜਿਸ ਦਾ ਸਿੱਟਾ ਸਰਕਾਰ ਦੇ ਉਲਟ ਨਿਕਲੇਗਾ।

ਬੁਲਾਰਿਆਂ ਨੇ ਵੋਟਾਂ ਮੰਗਣ ਆ ਰਹੀਆਂ ਸਿਆਸੀ ਪਾਰਟੀਆਂ ਨੂੰ ਲਾਰਿਆਂ ਤੇ ਫੋਕੇ ਵਾਅਦਿਆਂ ਦੀ ਥਾਂ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਦਾ ਠੋਸ ਹੱਲ ਦੇਣ ਦੀ ਮੰਗ ਕੀਤੀ। ਜਗਰਾਉਂ ਵਿੱਚ ਬੁਲਾਰਿਆਂ ’ਚ ਹਰਚੰਦ ਸਿੰਘ ਢੋਲਣ, ਹਰਬੰਸ ਸਿੰਘ ਅਖਾੜਾ, ਧਰਮ ਸਿੰਘ ਸੂਜਾਪੁਰ, ਹਰਬੰਸ ਲਾਲ, ਦੇਸਰਾਜ ਸਿੰਘ ਕਮਾਲਪੁਰਾ, ਦਰਸ਼ਨ ਸਿੰਘ ਗਾਲਿਬ ਆਦਿ ਜਦਕਿ ਚੌਕੀਮਾਨ ਵਾਲੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ ਮੋਰਕਰੀਮਾ, ਰਣਜੀਤ ਸਿੰਘ ਗੁੜੇ, ਮਾ. ਆਤਮਾ ਸਿੰਘ ਆਦਿ ਸ਼ਾਮਲ ਸਨ। ਅੱਜ ਦੂਜੇ ਦਿਨ ਵੀ ਕਿਸਾਨ ਹਿਤੈਸ਼ੀ ਮੰਦਰ ਸਿੰਘ ਡੱਲਾ ਦੇ ਪਰਿਵਾਰ ਵੱਲੋਂ ਮੋਰਚੇ ’ਚ ਜਲੇਬੀਆਂ ਦਾ ਲੰਗਰ ਲਾਇਆ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All