Employees Protest: ਸਾਂਝੀ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਦਸ ਨੂੰ ਸੰਗਰੂਰ ਵਿੱਚ ਮਹਾਂ ਰੈਲੀ ਕਰਨ ਦਾ ਫ਼ੈਸਲਾ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਨੇ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਦੇ ਹੱਕ ਵਿੱਚ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ 10 ਅਕਤੂਬਰ ਨੂੰ ਸੰਗਰੂਰ ਵਿੱਚ ਮਹਾਂ ਰੈਲੀ ਕਰਨ ਅਤੇ 21-22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਹੋਈ ਦੇਰ ਸ਼ਾਮ ਤੱਕ ਚੱਲੀ ਸੂਬਾ ਪੱਧਰੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ ਅਤੇ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਮੁਲਾਜ਼ਮ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ ਚੱਲੀ ਗਈ ਚਾਲ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫ਼ੈਸਲਾ ਕੀਤਾ ਗਿਆ ਹੈ ਕਿ 7 ਅਗਸਤ ਨੂੰ ਚੰਡੀਗੜ੍ਹ ਵਿੱਚ ਹੋਈ ਰਿਕਾਰਡ ਤੋੜ ਰੈਲੀ ਦਾ ਰਿਕਾਰਡ ਖੁਦ ਤੋੜਨ ਲਈ 10 ਅਕਤੂਬਰ ਨੂੰ ਸੰਗਰੂਰ ਵਿੱਚ ਦੂਜੀ ਮਹਾਂ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਕਰਮਜੀਤ ਸਿੰਘ ਬੀਹਲਾ, ਮਨਜੀਤ ਸਿੰਘ ਬਾਸਰਕੇ, ਰਜਿੰਦਰਪਾਲ ਸਿੰਘ ਪੰਨੂ, ਪਨਵੰਤ ਸਿੰਘ ਭੱਠਲ, ਅਜਮੇਰ ਸਿੰਘ, ਗਗਨਦੀਪ ਭੁੱਲਰ, ਬਲਜਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਤਲਵਾੜਾ, ਗੁਰਸ਼ਰਨਜੀਤ ਸਿੰਘ ਹੁੰਦਲ, ਦਿਗਵਿਜੇਪਾਲ ਸ਼ਰਮਾ, ਤਰਸੇਮ ਭੱਠਲ, ਜਗਦੀਸ਼ ਸਿੰਘ ਚਾਹਲ, ਪਰਗਣਜੀਤ ਸਿੰਘ ਕਿਸ਼ਨਪੁਰ, ਸੁਖਦੇਵ ਸਿੰਘ ਸੈਣੀ, ਅਮਿਤ ਕਟੋਚ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸਾਹਿਲ ਸ਼ਰਮਾ, ਕੇਵਲ ਸਿੰਘ ਬਨਵੈਤ ਹਾਜ਼ਰ ਸਨ।

