ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਛੇਵੇਂ ਪੇਅ ਕਮਿਸ਼ਨ ਨੂੰ ਲੈ ਕੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 29 ਜੁਲਾਈ ਨੂੰ ਕੀਤੀ ਜਾਣ ਵਾਲੀ ਮਹਾਂ ਰੈਲੀ ਦੀ ਤਿਆਰੀ ਸਬੰਧੀ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਅਤੇ ਜਰਨਲ ਸਕੱਤਰ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਦੱਸਿਆ ਕਿ ਛੇਵਾਂ ਪੇਅ ਕਮਿਸ਼ਨ ਮੁਲਾਜ਼ਮ ਵਰਗ ਨਾਲ ਧੋਖਾ ਕਰਕੇ ਲਾਗੂ ਕੀਤਾ ਜਾ ਰਿਹਾ, ਜਿਸ ਨੂੰ ਵੱਖ-ਵੱਖ ਵਿਭਾਗਾਂ ਦਾ ਸਮੁੱਚਾ ਮੁਲਾਜ਼ਮ ਵਰਗ ਨਾ ਮਨਜ਼ੂਰ ਕਰ ਚੁੱਕਿਆ ਹੈ। ਉਨ੍ਹਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਦੀ ਮੰਗ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਵੱਲੋਂ ਮਿੱਡ ਡੇ ਮੀਲ ਕੁੱਕ ਵਰਕਰ, ਆਸ਼ਾ ਵਰਕਰ, ਟੀਚਰ, ਨਾਨ ਟੀਚਿੰਗ ਸਟਾਫ, ਜੰਗਲਾਤ ਵਰਕਰ ਅਤੇ ਸਿਹਤ ਵਿਭਾਗ ਨਾਲ ਜੁੜੇ ਕੱਚੇ ਪੱਕੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ, ਅਮਨਦੀਪ ਵਰਮਾ, ਰਾਜ ਕੁਮਾਰ, ਕਰਮਜੀਤ ਸਿੰਘ, ਇਕਬਾਲ ਜੋਤ ਸਿੰਘ, ਰਮਨਦੀਪ ਸਿੰਘ ਅਤੇ ਸਰਬਜੀਤ ਕੌਰ ਹਾਜ਼ਰ ਸਨ।