Tarksheel Society Punjab Holds Meeting: ਅੰਧਵਿਸ਼ਵਾਸ ਖ਼ਿਲਾਫ਼ ਵਿਗਿਆਨਕ ਵਿਚਾਰਾਂ ਦੇ ਪਸਾਰ ’ਤੇ ਜ਼ੋਰ
ਤਰਕਸ਼ੀਲ ਸੁਸਾਇਟੀ ਨੇ ਮੀਟਿੰਗ ਦੌਰਾਨ ਕੲੀ ਪ੍ਰੋਗਰਾਮ ਉਲੀਕੇ
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੀ ਅਹਿਮ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਜ਼ੋਨ ਦਫ਼ਤਰ ਵਿੱਚ ਹੋਈ, ਜਿਸ ਵਿੱਚ ਸੁਸਾਇਟੀ ਦੇ ਵੱਖ-ਵੱਖ ਵਿਭਾਗੀ ਮੁਖੀਆਂ ਅਤੇ ਵੱਖ-ਵੱਖ ਇਕਾਈਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪਿਛਲੇ ਦਿਨੀਂ ਹੋਈ ਸੂਬਾ ਐਗਜ਼ੈਕਟਿਵ ਅਤੇ ਸੂਬਾ ਵਰਕਿੰਗ ਕਮੇਟੀ ਦੀ ਰਿਪੋਰਟ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ।
ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਵਾਦ ਨੂੰ ਠੱਲ੍ਹ ਪਾਉਣ ਲਈ ਮੀਟਿੰਗ ਵਿੱਚ ਕਈ ਅਹਿਮ ਪ੍ਰੋਗਰਾਮ ਉਲੀਕੇ ਗਏ। ਇਸ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਜਨਮ ਤੇ ਸ਼ਹੀਦੀ ਦਿਹਾੜਿਆਂ ਮੌਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ, ਲੋਕਾਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰਨ ਲਈ ਵਿਗਿਆਨੀਆਂ ਦੀਆਂ ਖੋਜਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ’ਤੇ ਅਧਾਰਿਤ ਸਾਹਿਤ ਤੇ ਪੈਂਫਲਿਟ ਵੰਡੇ ਜਾਣਗੇ। ਜ਼ੋਨ ਮੁਖੀ ਜਸਵੰਤ ਜ਼ੀਰਖ ਨੇ ਸੂਬਾ ਆਗੂ ਮੋਹਨ ਬਡਲਾ ਦੇ ਪਿਤਾ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਕੀਤਾ ਗਿਆ ਸੀ। ਉਨ੍ਹਾਂ ਪਰਿਵਾਰ ਵੱਲੋਂ ਜ਼ੋਨ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਲਈ ਧੰਨਵਾਦ ਵੀ ਕੀਤਾ। ਮੀਟਿੰਗ ਵਿੱਚ ਧਰਮਪਾਲ ਸਿੰਘ, ਸ਼ਮਸ਼ੇਰ ਨੂਰਪੁਰੀ, ਧਰਮ ਸਿੰਘ ਸੂਜਾਪੁਰ, ਹਰਚੰਦ ਭਿੰਡਰ, ਮਾਸਟਰ ਕਰਨੈਲ ਸਿੰਘ, ਬਲਵਿੰਦਰ ਸਿੰਘ, ਕਰਤਾਰ ਵੀਰਾਨ ਅਤੇ ਜਗਤਾਰ ਦੋਰਾਹਾ ਆਦਿ ਹਾਜ਼ਰ ਸਨ।
