ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਵਾਉਣ ’ਤੇ ਜ਼ੋਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੀਡੀਆ ਵਿੰਗ ਦੀ ਮੀਟਿੰਗ ਸੂਬਾਈ ਮੀਡੀਆ ਮੁਖੀ ਸੁਮੀਤ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਲੁਧਿਆਣਾ ਜ਼ੋਨ ਦੇ ਦਫ਼ਤਰ ਵਿੱਚ ਹੋਈ। ਇਸ ਵਿੱਚ ‘ਅਜੋਕੇ ਦੌਰ ਵਿੱਚ ਮੀਡੀਆ ਦੀ ਭੂਮਿਕਾ ਅਤੇ ਸਮੱਸਿਆਵਾਂ’ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਮੀਤ...
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੀਡੀਆ ਵਿੰਗ ਦੀ ਮੀਟਿੰਗ ਸੂਬਾਈ ਮੀਡੀਆ ਮੁਖੀ ਸੁਮੀਤ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਲੁਧਿਆਣਾ ਜ਼ੋਨ ਦੇ ਦਫ਼ਤਰ ਵਿੱਚ ਹੋਈ। ਇਸ ਵਿੱਚ ‘ਅਜੋਕੇ ਦੌਰ ਵਿੱਚ ਮੀਡੀਆ ਦੀ ਭੂਮਿਕਾ ਅਤੇ ਸਮੱਸਿਆਵਾਂ’ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਕਿਸੇ ਵੀ ਜਥੇਬੰਦੀ ਦਾ ਮੀਡੀਆ ਵਿੰਗ ਉਸ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ ਜਿਸ ਨੇ ਜਥੇਬੰਦੀ ਦੀ ਵਿਚਾਰਧਾਰਾ ਅਤੇ ਵੱਖ-ਵੱਖ ਪੱਧਰ ਦੀਆਂ ਸਰਗਰਮੀਆਂ ਨੂੰ ਸਮਾਜ ਦੇ ਹਰ ਖੇਤਰ ਅਤੇ ਵਰਗਾਂ ਦੇ ਲੋਕਾਂ ਤੱਕ ਲਗਾਤਾਰ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪਿਛਲੇ 42 ਸਾਲਾਂ ਤੋਂ ਆਪਣੇ ਸੀਮਤ ਵਿੱਤੀ ਸਾਧਨਾਂ ਅਤੇ ਮੀਡੀਆ ਦੇ ਸਹਿਯੋਗ ਰਾਹੀਂ ਸਮਾਜ ਦੇ ਵਿਸ਼ਾਲ ਦਾਇਰੇ ਤੱਕ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕਰਦੀ ਆ ਰਹੀ ਹੈ।
ਜੋਨ ਮੀਡੀਆ ਮੁਖੀਆਂ ਰਾਮ ਸਿੰਘ ਬੰਗ ਪਟਿਆਲਾ, ਹਰਚੰਦ ਭਿੰਡਰ ਲੁਧਿਆਣਾ, ਸੀਤਾ ਰਾਮ ਬਾਲਦ ਕਲਾਂ ਬਰਨਾਲਾ, ਵਿਜੇ ਰਾਹੀ ਜਲੰਧਰ, ਰਾਮ ਸਿੰਘ ਨਿਰਮਾਣ ਬਠਿੰਡਾ, ਨਿੰਦਰ ਮਾਈਦਿੱਤਾ ਅਤੇ ਬਲਜਿੰਦਰ ਸ਼ਾਹਬਾਜ਼ਪੁਰੀ ਨਵਾਂ ਸ਼ਹਿਰ ਨੇ ਕਿਹਾ ਕਿ ਅਜੋਕੇ ਕਈ ਪ੍ਰਿੰਟ ਅਤੇ ਬਿਜਲਈ ਮੀਡੀਆ ਉੱਤੇ ਕਾਰਪੋਰੇਟ ਅਦਾਰਿਆਂ ਤੇ ਸਾਮਰਾਜੀ ਹਕੂਮਤਾਂ, ਅਖੌਤੀ ਬਾਬਿਆਂ, ਜੋਤਸ਼ੀਆਂ, ਡੇਰਾਵਾਦੀਆਂ ਦਾ ਗੁਮਰਾਹਕੁਨ ਅਤੇ ਗ਼ੈਰ-ਵਿਗਿਆਨਕ ਪ੍ਰਚਾਰ ਵਧ ਰਿਹਾ ਹੈ।
ਇਸ ਕਰ ਕੇ ਸੁਸਾਇਟੀ ਦੀਆਂ ਸਰਗਰਮੀਆਂ ਅਤੇ ਵਿਗਿਆਨਕ ਸੋਚ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਇਕਾਈ ਆਗੂਆਂ ਸਤੀਸ਼ ਸਚਦੇਵਾ, ਧਰਮਪਾਲ ਸਿੰਘ, ਪੂਰਨ ਸਿੰਘ ਗੁਜਰਾਂ, ਜਗਤਾਰ ਦੋਰਾਹਾ, ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅੰਧ-ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਲੋੜ ਹੈ। ਇਸ ਮੌਕੇ ਤਰਕਸ਼ੀਲ ਆਗੂ ਸੁਰਿੰਦਰ ਉਪਲੀ, ਗੁਰਜੰਟ ਸਿੰਘ, ਗੁਰਦੀਪ ਲਹਿਰਾ ਅਤੇ ਇੰਦਰਜੀਤ ਕੌਰ ਵੀ ਸ਼ਾਮਿਲ ਸਨ।

