ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਸਤੰਬਰ
ਸੂਬਾ ਸਰਕਾਰ ਵੱਲੋਂ ਪਟਵਾਰੀਆਂ ਅਤੇ ਡੀਸੀ ਦਫ਼ਤਰਾਂ ਦੇ ਮੁਲਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਖ਼ਿਲਾਫ਼ ਜ਼ਰੂਰੀ ਸੇਵਾਵਾਂ ਕਨੂੰਨ ਬਹਾਲ ਕਰਨ ਦਾ ਲੋਕ ਮਾਰੂ ਕਾਨੂੰਨ (ਐਸਮਾ) ਲਾਗੂ ਕਰਨ ਵਿਰੁੱਧ ਪਾਵਰਕੌਮ ਡਿਵੀਜ਼ਨਲ ਦਫ਼ਤਰ ਲਲਤੋਂ ਕਲਾਂ ਸਾਹਮਣੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਦੀ ਅਰਥੀ ਫੂਕੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀ ਵਰਤੋਂ ਕਰਨ ਲਈ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਚੱਲ ਰਹੀ ਹੈ। ਠੇਕੇਦਾਰੀ ਪ੍ਰਬੰਧ ਅਧੀਨ ਅਤੇ ਕੱਚੇ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ, ਪਰ ਸੂਬਾ ਸਰਕਾਰ ਉਨ੍ਹਾਂ ਨੂੰ ਪੱਕੇ ਕਰਨ ਲਈ ਡੇਢ ਸਾਲ ਤੋਂ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਸੂਬਾ ਸਰਕਾਰ ਰੈਗੂਲਰ ਮੁਲਾਜ਼ਮਾਂ ਦੀਆਂ ਬੁਨਿਆਦੀ ਮੰਗਾਂ ਅਤੇ ਤਨਖ਼ਾਹ ਦੀ ਅਦਾਇਗੀ ਦੀ ਥਾਂ ਭੱਤਿਆਂ ਦੀ ਕਟੌਤੀ ਕਰਨ ਦੇ ਰਾਹ ਚੱਲ ਰਹੀ ਹੈ।
ਉਨ੍ਹਾਂ 21 ਸਤੰਬਰ ਨੂੰ ਜੰਡਿਆਲਾ ਗੁਰੂ ਵਿੱਚ ਬਿਜਲੀ ਮੰਤਰੀ ਦੇ ਹਲਕੇ ਵਿੱਚ ਧਰਨੇ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ। ਮੁਲਾਜ਼ਮ ਆਗੂ ਜ਼ਮੀਰ ਹੁਸੈਨ, ਚਮਕੌਰ ਸਿੰਘ ਜੇਈ, ਗੋਪਾਲ ਦਾਸ, ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ।