ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ
ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਨਵੰਬਰ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਜਾਰੀ ਨਾ ਕਰਨ ਕਾਰਨ ਮੁਲਾਜ਼ਮ ਵਰਗ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਬਿਜਲੀ ਮੁਲਾਜ਼ਮਾਂ ਨੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਹਰਵਿੰਦਰ ਸਵੱਦੀ, ਦਲਜੀਤ ਜੱਸੋਵਾਲ, ਅਵਤਾਰ ਕਲੇਰ ਨੇ ਕਿਹਾ ਕਿ ਬਦਲਾਓ ਦੇ ਨਾਮ ’ਤੇ ਲੋਕਾਂ ਦਾ ਭਰੋਸਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ। ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਮੁੱਖ ਮੰਤਰੀ ਦਾ ਰਵੱਈਆ ਸੱਤਾ ਸੰਭਾਲਣ ਤੋਂ ਲੈ ਕੇ ਹੀ ਮੁਲਾਜ਼ਮ ਵਿਰੋਧੀ ਹੈ। ਪੰਜਾਬ ਦੇ ਮੁਲਜ਼ਮਾਂ ਨੂੰ ਇੱਕ ਵੀ ਕਿਸ਼ਤ ਮਹਿੰਗਾਈ ਭੱਤੇ ਦੀ ਜਾਰੀ ਨਹੀਂ ਕੀਤੀ ਗਈ ਜਦਕਿ ਕੇਂਦਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ 46 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਸਰਕਾਰ ਦੇ ਇਸ਼ਾਰੇ ’ਤੇ ਪਾਵਰਕੌਮ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਤਨਖਾਹ ਸਕੇਲ ਸੋਧ ਕੇ ਲਾਗੂ ਕੀਤੇ ਜਾਣ, ਪੈਨਸ਼ਨਰਾਂ ਦੇ ਬਕਾਏ, ਕੇਂਦਰ ਦੇ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਵਿਭਾਗ ਦੇ ਸਕੇਲ ਜਾਰੀ ਕੀਤੇ ਜਾਣ। ਇਸੇ ਦੌਰਾਨ ਉੱਪ ਮੰਡਲ ਰੂੰਮੀ, ਬੱਸੀਆ ਅਤੇ ਰਾਏਕੋਟ ਦੇ ਕਰਮਚਾਰੀਆ ਨੇ ਪਾਵਰਕੌਮ ਦਫ਼ਤਰ ਪਿੰਡ ਲੱਖਾ ਦੇ ਮੁੱਖ ਗੇਟ ਅੱਗੇ ਅੱਜ ਰੋਸ ਰੈਲੀ ਕੱਢੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਰੈਲੀ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਬੱਸੀਆ, ਤਰਲੋਚਨ ਸਿੰਘ ਹਠੂਰ, ਸਾਧੂ ਸਿੰਘ ਬੱਧਣੀ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।

