Payal Municipal Council Election ਦੇ ਅਹੁਦੇਦਾਰਾਂ ਦੀ ਚੋਣ ਲਟਕੀ
ਕੋਰਮ ਪੂਰਾ ਨਾ ਹੋ ਸਕਿਆ; ਐੱਸ ਡੀ ਐੱਮ ਨੇ ਚਾਰ ਕੌਂਸਲਰਾਂ ਨੂੰ ਸਹੁੰ ਚੁਕਾਈ
ਨਗਰ ਕੌਂਸਲ ਪਾਇਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇਦਾਰਾਂ ਦੀ ਚੋਣ ਅੱਜ ਕੋਰਮ ਪੂਰਾ ਨਾ ਹੋਣ ਕਰ ਕੇ ਅੱਧ ਵਿਚਕਾਰ ਹੀ ਲਟਕ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਸ਼ਾਸਕ-ਕਮ-ਐੱਸ ਡੀ ਐੱਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਕਾਰਜਸਾਧਕ ਅਫ਼ਸਰ (ਈ ਓ) ਹਰਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿੱਚ ਸਿਰਫ਼ ਪਹੁੰਚੇ ਚਾਰ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਐੱਸ ਡੀ ਐੱਮ ਬੈਂਸ ਨੇ ਦੱਸਿਆ ਕਿ ਲੋੜੀਂਦੀ ਗਿਣਤੀ ਦੇ ਮੈਂਬਰ ਨਾਲ ਹੋਣ ਕਾਰਨ ਅੱਜ ਚੋਣ ਪ੍ਰਕਿਰਿਆ ਨੇਪਰੇ ਨਹੀਂ ਚੜ੍ਹ ਸਕੀ ਅਤੇ ਅਗਲੀ ਚੋਣ ਸਬੰਧੀ 48 ਘੰਟੇ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ।
ਪਤਾ ਲੱਗਾ ਹੈ ਕਿ ਇਹ ਚੋਣ ਆਮ ਆਦਮੀ ਪਾਰਟੀ (ਆਪ) ਦੇ ਪੰਜਵੇਂ ਕੌਂਸਲਰ, ਜੋ ਮੀਤ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਸਨ, ਦੇ ਅਚਾਨਕ ਗ਼ੈਰ-ਹਾਜ਼ਰ ਹੋਣ ਅਤੇ ਫ਼ੋਨ ਬੰਦ ਕਰ ਲੈਣ ਕਾਰਨ ਲਟਕ ਗਈ। ਲੋਕਾਂ ਵਿੱਚ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ‘ਆਪ’ ਨੇ ਜੋੜ-ਤੋੜ ਕਰ ਕੇ ਬਹੁਮਤ ਦਾ ਪ੍ਰਬੰਧ ਤਾਂ ਕਰ ਲਿਆ ਸੀ, ਪਰ ਐਨ ਮੌਕੇ ਆਪਣੀ ਹੀ ਪਾਰਟੀ ਦੇ ਕੌਂਸਲਰ ਦੀ ਗ਼ੈਰ-ਮੌਜੂਦਗੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਾਇਲ ਸ਼ਹਿਰ ਦੇ 11 ਵਾਰਡਾਂ ਵਿੱਚੋਂ ‘ਆਪ’ ਦੇ ਸਿਰਫ਼ ਤਿੰਨ ਉਮੀਦਵਾਰ ਹੀ ਜਿੱਤੇ ਸਨ। ਉਨ੍ਹਾਂ ਨੇ ਇੱਕ ਆਜ਼ਾਦ ਅਤੇ ਇੱਕ ਕਾਂਗਰਸੀ ਕੌਂਸਲਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਆਪਣੀ ਗਿਣਤੀ ਪੰਜ ਕਰ ਲਈ ਸੀ, ਜਿਸ ਨਾਲ ਪ੍ਰਧਾਨਗੀ ’ਤੇ ਦਾਅਵਾ ਮਜ਼ਬੂਤ ਹੋ ਗਿਆ ਸੀ। ਜੇ ਅੱਜ ‘ਆਪ’ ਦੇ ਇਹ ਪੰਜ ਕੌਂਸਲਰ ਹਾਜ਼ਰ ਹੁੰਦੇ, ਤਾਂ ਹਲਕਾ ਵਿਧਾਇਕ ਦੀ ਛੇਵੀਂ ਵੋਟ ਨਾਲ ਅਹੁਦੇਦਾਰਾਂ ਦੀ ਚੋਣ ਆਸਾਨੀ ਨਾਲ ਹੋ ਜਾਣੀ ਸੀ। ਦੂਜੇ ਪਾਸੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਛੇ ਜੇਤੂ ਕੌਂਸਲਰ ਵੀ ਇਸ ਮੀਟਿੰਗ ਵਿੱਚੋਂ ਗ਼ੈਰ-ਹਾਜ਼ਰ ਰਹੇ।
ਅੱਜ ਸਵੇਰ ਤੋਂ ਹੀ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਵਿੱਚ ਭਾਰੀ ਰੌਣਕ ਸੀ, ਪੁਲੀਸ ਪ੍ਰਸ਼ਾਸਨ ਮੁਸਤੈਦ ਸੀ ਅਤੇ ਵਧਾਈਆਂ ਦੇਣ ਲਈ ਢੋਲ ਵਾਲੇ ਵੀ ਪਹੁੰਚੇ ਹੋਏ ਸਨ। ਅਖ਼ੀਰ ਵਿੱਚ ਚੋਣ ਮੁਲਤਵੀ ਹੋਣ ਕਾਰਨ ਸਮਰਥਕਾਂ ਦਾ ਖ਼ੁਸ਼ੀ ਦਾ ਮਾਹੌਲ ਨਿਰਾਸ਼ਾ ਵਿੱਚ ਬਦਲ ਗਿਆ।
