ਸ਼ਹਿਰ ਦੇ ਝਾਂਸੀ ਰਾਣੀ ਚੌਕ ਵਿੱਚ ਅੱਜ ਸਵੇਰੇ ਯੂ-ਟਰਨ ਲੈਣ ਦੇ ਚੱਕਰ ਵਿੱਚ ਸੇਕਰਡ ਹਾਰਟ ਕਾਨਵੈਂਟ ਸਕੂਲ ਅਲੀਗੜ੍ਹ (ਜਗਰਾਉਂ) ਦੀ ਵੈਨ ਦੇ ਚਾਲਕ ਨੇ ਲਾਪ੍ਰਵਾਹੀ ਅਤੇ ਤੇਜ਼ੀ ਕਰਦਿਆਂ ਇੱਕ ਬਿਰਧ ਮਹਿਲਾ ਨੂੰ ਫੇਟ ਮਾਰ ਦਿੱਤੀ। ਬਿਰਧ ਦੀ ਲੱਤ ’ਤੇ ਸੱਟ ਲੱਗੀ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੋਕਾਂ ਨੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਬਿਰਧ ਮਾਤਾ ਦੀ ਪਛਾਣ ਹਰਬੰਸ ਕੌਰ ਵਾਸੀ ਮੋਤੀ ਬਾਗ (ਜਗਰਾਉਂ) ਵਜੋਂ ਹੋਈ ਹੈ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਬਿਰਧ ਮਾਤਾ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਘਰ ਜਾ ਰਹੀ ਸੀ। ਇਸੇ ਦੌਰਾਨ ਬੱਚਿਆਂ ਨਾਲ ਭਰੀ ਤੇਜ਼ ਰਫ਼ਤਾਰ ਵੈਨ ਕੱਚਾ ਮਲਕ ਰੋਡ ਵੱਲ ਮੁੜੀ ਅਤੇ ਉਸ ਨੇ ਮਾਤਾ ਨੂੰ ਫੇਟ ਮਾਰ ਦਿੱਤੀ। ਡਿੱਗਣ ਕਾਰਨ ਮਾਤਾ ਦੀ ਲੱਤ ਵੈਨ ਦੇ ਟਾਇਰ ਥੱਲੇ ਆ ਗਈ। ਮੌਕੇ ’ਤੇ ਮੌਜੂਦ ਸੰਦੀਪ ਕੁਮਾਰ ਟਿੰਕਾ ਨੇ ਦੱਸਿਆ ਕਿ ਮਾਤਾ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਲੋਕਾਂ ਦੇ ਵਿਰੋਧ ਮਗਰੋਂ ਵੈਨ ਚਾਲਕ ਨੇ ਮਾਤਾ ਦੇ ਇਲਾਜ ਦਾ ਖਰਚ ਚੁੱਕਣ ਦਾ ਭਰੋਸਾ ਦਿੱਤਾ ਤਾਂ ਲੋਕ ਸ਼ਾਂਤ ਹੋਏ।
ਥਾਣਾ ਸ਼ਹਿਰੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਆਖਿਆ ਕਿ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਹੈ।

