ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਮਾਰਚ
ਨੇੜਲੇ ਪਿੰਡ ਤੱਖਰਾਂ-ਖੋਖਰਾਂ ਵਿਚ ਅੱਠਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਨੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਪਿੰਟੂ ਨੇ ਪੁਲੀਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਤੇ ਉਸ ਦੀ ਪਤਨੀ ਕੰਮ ’ਤੇ ਚਲੇ ਗਏ। ਪਿੱਛੋਂ ਘਰ ਵਿਚ ਇਕੱਲੀ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਉਹ 4 ਦਿਨਾਂ ਤੋਂ ਸਕੂਲ ਨਹੀਂ ਸੀ ਜਾ ਰਹੀ। ਪਿੰਟੂ ਅਨੁਸਾਰ ਜਦੋਂ ਉਸ ਨੂੰ ਸਕੂਲ ਨਾ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਸੀ ਕਿ 15 ਮਾਰਚ ਤੋਂ ਫਾਈਨਲ ਇਮਤਿਹਾਨ ਸ਼ੁਰੂ ਹੋ ਰਹੇ ਹਨ ਅਤੇ ਉਹ ਉਦੋਂ ਹੀ ਸਕੂਲ ਜਾਵੇਗੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਘਰ ’ਚੋਂ ਕੋਈ ਵੀ ਲੜਕੀ ਵੱਲੋਂ ਲਿਖਿਆ ਖ਼ੁਦਕੁਸ਼ੀ ਪੱਤਰ ਨਹੀਂ ਮਿਲਿਆ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਉਸ ਨੇ ਆਤਮਹੱਤਿਆ ਕਿਉਂ ਕੀਤੀ। ਇਸ ਘਟਨਾ ਤੋਂ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਕਿ ਲੜਕੀ ਨੂੰ ਅਜਿਹੀ ਕੀ ਪ੍ਰੇਸ਼ਾਨੀ ਸੀ ਕਿ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲੀਸ ਵੱਲੋਂ ਫ਼ਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਾਬਾਲਗ ਨੇ ਆਤਮਹੱਤਿਆ ਕਿਉਂ ਕੀਤੀ।