DTF: ਖ਼ਜ਼ਾਨਾ ਦਫ਼ਤਰ ਦੇ ਇਤਰਾਜ਼ਾਂ ਖ਼ਿਲਾਫ਼ ਰੋਸ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਜਗਰਾਉਂ ਤੇ ਸਿੱਧਵਾਂ ਬੇਟ ਇਕਾਈ ਵੱਲੋਂ ਅੱਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖ਼ਜ਼ਾਨਾ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦਾ ਮੁੱਖ ਮਕਸਦ ਖ਼ਜ਼ਾਨਾ ਦਫ਼ਤਰ ਵੱਲੋਂ ਬਿੱਲਾਂ ਵਿੱਚ ਕੱਢੇ ਜਾ...
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਜਗਰਾਉਂ ਤੇ ਸਿੱਧਵਾਂ ਬੇਟ ਇਕਾਈ ਵੱਲੋਂ ਅੱਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖ਼ਜ਼ਾਨਾ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦਾ ਮੁੱਖ ਮਕਸਦ ਖ਼ਜ਼ਾਨਾ ਦਫ਼ਤਰ ਵੱਲੋਂ ਬਿੱਲਾਂ ਵਿੱਚ ਕੱਢੇ ਜਾ ਰਹੇ ਬੇਲੋੜੇ ਇਤਰਾਜ਼ਾਂ, ਅਧਿਆਪਕਾਂ ਦੀ ਖੱਜਲ-ਖ਼ੁਆਰੀ ਨੂੰ ਠੱਲ੍ਹ ਪਾਉਣਾ ਸੀ। ਜਥੇਬੰਦੀ ਦੇ ਆਗੂਆਂ ਨੇ ਖ਼ਜ਼ਾਨਾ ਅਫਸਰ ਦੇ ਧਿਆਨ ਵਿੱਚ ਲਿਆਂਦਾ ਕਿ ਕੁਝ ਸਮੇਂ ਤੋਂ ਅਧਿਆਪਕਾਂ ਦੇ ਬਿੱਲਾਂ ਅਤੇ ਹੋਰ ਵਿੱਤੀ ਮਾਮਲਿਆਂ ’ਤੇ ਵਾਰ-ਵਾਰ ਬਿਨਾਂ ਵਜ੍ਹਾ ਇਤਰਾਜ਼ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਹਾ ਹੈ।
ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਸਿੱਧਵਾਂ ਬੇਟ ਬਲਾਕ ਦੇ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਨੇ ਆਖਿਆ ਕਿ ਦਫ਼ਤਰ ਵਿੱਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਰੁਝਾਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਨੇ ਮੁਲਾਕਾਤ ਤੋਂ ਪਹਿਲਾਂ ਬੈਨਰ ਲੈ ਕੇ ਰੋਸ ਪ੍ਰਗਟਾਇਆ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੇ ਰੁਕੇ ਹੋਏ ਬਿੱਲ ਬਿਨਾਂ ਦੇਰੀ ਅਤੇ ਬਿਨਾਂ ਨਾਜਾਇਜ਼ ਇਤਰਾਜ਼ਾਂ ਤੋਂ ਤੁਰੰਤ ਪਾਸ ਕੀਤੇ ਜਾਣ।
ਖ਼ਜ਼ਾਨਾ ਅਫ਼ਸਰ ਨੇ ਡੀ ਟੀ ਐੱਫ ਵਫ਼ਦ ਦੀਆਂ ਗੱਲਾਂ ਨੂੰ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਦਫ਼ਤਰੀ ਕੰਮਕਾਜ ਨੂੰ ਪਾਰਦਰਸ਼ਤਾ ਨਾਲ ਨਿਬੇੜਨ ਦਾ ਵੀ ਭਰੋਸਾ ਦਿੱਤਾ। ਜਥੇਬੰਦੀ ਨੇ ਮਸਲਾ ਹੱਲ ਨਾ ਹੋਣ ‘ਤੇ ਤਿੱਖਾ ਸੰਘਰਸ਼ ਵਿਢਣ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਸੁਧੀਰ ਝਾਂਜੀ, ਤੁਲਸੀ ਦਾਸ, ਇੰਦਰਦੀਪ ਸਿੰਘ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਤੇਜ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਗੁਰਅੰਮ੍ਰਿਤ ਸਿੰਘ, ਹਰਵਿੰਦਰ ਸਿੰਘ, ਮਨੀਸ਼ ਪੱਲਣ ਤੋਂ ਇਲਾਵਾ ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ, ਜੋਗਿੰਦਰ ਆਜ਼ਾਦ, ਬਲਵਿੰਦਰ ਸਿੰਘ ਹਾਜ਼ਰ ਸਨ।

