DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana News: ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਮਾਮਲਾ: ਲੁਧਿਆਣਾ ’ਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਧਰਨੇ ਕਾਰਨ ਦਿੱਲੀ-ਅੰਮ੍ਰਿਤਸਰ ਮਾਰਗ ਸਾਢੇ ਪੰਜ ਘੰਟੇ ਜਾਮ ਰਿਹਾ; ਰਾਹਗੀਰ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਜਲੰਧਰ ਬਾਈਪਾਸ ਚੌਕ ਬੰਦ ਕਰਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਅਸ਼ਵਨੀ ਧੀਮਾਨ
Advertisement

ਇੱਥੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਅੱਜ ਸ਼ਹਿਰ ਦੀ ਰਫ਼ਤਾਰ ਪੂਰੀ ਤਰ੍ਹਾਂ ਠੱਪ ਹੋ ਗਈ। ਬੇਅਦਬੀ ਦੇ ਰੋਸ ਵਿੱਚ ਦਲਿਤ ਸਮਾਜ ਦੇ ਭਾਈਚਾਰੇ ਨੇ ਸੜਕਾਂ ’ਤੇ ਉੱਤਰਦਿਆਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਘੰਟਿਆਂ ਬੱਧੀ ਜਾਮ ਰਿਹਾ। ਸਵੇਰ ਤੋਂ ਲੈ ਕੇ ਦੁਪਹਿਰ ਬਾਅਦ ਤੱਕ ਚੱਲੇ ਇਸ ਹੰਗਾਮੇ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਪ੍ਰਭਾਵਿਤ ਰਹੀਆਂ ਤੇ ਆਮ ਜਨਤਾ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸਾਢੇ ਪੰਜ ਘੰਟੇ ਤੋਂ ਵੀ ਵੱਧ ਸਮੇਂ ਤੱਕ ਹਾਈਵੇਅ ਜਾਮ ਕਰੀ ਰੱਖਿਆ। ਜ਼ਿਕਰਯੋਗਰ ਹੈ ਮੰਗਲਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਸੀ, ਜਿਸ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀ। ਸਵੇਰੇ 10 ਵਜੇ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਜਲੰਧਰ ਬਾਈਪਾਸ ਚੌਕ ’ਚ ਇਕੱਠੇ ਹੋਏ ਅਤੇ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਅੰਮ੍ਰਿਤਸਰ, ਜਲੰਧਰ, ਪਟਿਆਲਾ, ਅੰਬਾਲਾ ਅਤੇ ਪਾਨੀਪਤ ਵੱਲ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਦੁਪਹਿਰ ਸਮੇਂ ਸਕੂਲਾਂ ਦੀ ਛੁੱਟੀ ਹੋਣ ’ਤੇ ਬੱਚਿਆਂ ਵਾਲੀਆਂ ਬੱਸਾਂ ਵੀ ਜਾਮ ’ਚ ਫਸੀਆਂ ਰਹੀਆਂ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਨੇ ਐਂਬੂਲੈਂਸਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦਿੱਤਾ। ਸ਼ੁਰੂ ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰ ਖੁੱਲ੍ਹੇ ਸਨ, ਪਰ ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਦੀਆਂ ਟੋਲੀਆਂ ਨੇ ਮਾਤਾ ਰਾਣੀ ਚੌਕ ਅਤੇ ਚੌੜਾ ਬਾਜ਼ਾਰ ਵਰਗੇ ਇਲਾਕਿਆਂ ਵਿੱਚ ਪਹੁੰਚ ਕੇ ਜਬਰੀ ਦੁਕਾਨਾਂ ਦੇ ਸ਼ਟਰ ਡੇਗ ਦਿੱਤੇ। ਟਰੈਫਿਕ ਵਿਵਸਥਾ ਨੂੰ ਵਿਗੜਦੀ ਦੇਖ ਕੇ ਪੁਲੀਸ ਪ੍ਰਸ਼ਾਸਨ ਨੇ ਵਾਹਨਾਂ ਦੀ ਆਵਾਜਾਈ ਲਈ ਬਦਲਵੇਂ ਰੂਟ ਚਾਲੂ ਕਰਵਾਏ। ਜਲੰਧਰ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਲਾਡੋਵਾਲ ਬਾਈਪਾਸ ਤੋਂ ਮੋੜ ਕੇ ਸਾਊਥ ਸਿਟੀ ਅਤੇ ਫ਼ਿਰੋਜ਼ਪੁਰ ਰੋਡ ਸਥਿਤ ਵੇਰਕਾ ਚੌਕ ਰਾਹੀਂ ਕੱਢਿਆ ਗਿਆ, ਜਦਕਿ ਦਿੱਲੀ ਵੱਲੋਂ ਆਉਣ ਵਾਲੀ ਟਰੈਫਿਕ ਨੂੰ ਦੋਰਾਹਾ ਤੋਂ ਦੱਖਣੀ ਬਾਈਪਾਸ ਹੁੰਦੇ ਹੋਏ ਲਾਡੋਵਾਲ ਟੌਲ ਪਲਾਜ਼ਾ ਵੱਲ ਮੋੜਿਆ ਗਿਆ। ਇਸ ਤੋਂ ਪਹਿਲਾਂ ਅੱਜ ਤੜਕੇ ਹੀ ਦਲਿਤ ਭਾਈਚਾਰੇ ਦੇ ਲੋਕਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਕੇ ਪਵਿੱਤਰ ਕੀਤਾ। ਪੁਲੀਸ ਨੇ ਘਟਨਾ ਸਥਾਨ ਦੇ ਆਸ-ਪਾਸ ਨਜ਼ਰ ਰੱਖਣ ਲਈ ਸੀ ਸੀ ਟੀ ਵੀ ਕੈਮਰੇ ਲਗਵਾ ਦਿੱਤੇ ਹਨ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੁਪਹਿਰ ਲਗਪਗ ਸਾਢੇ ਤਿੰਨ ਵਜੇ ਏ ਡੀ ਸੀ ਪੀ ਸਮੀਰ ਵਰਮਾ ਮੌਕੇ ’ਤੇ ਪਹੁੰਚੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ ਅਤੇ ਟਰੈਫਿਕ ਬਹਾਲ ਹੋ ਸਕੀ।

ਡਾ. ਅੰਬੇਡਕਰ ਦੇ ਬੁੱਤ ਦੇ ਨਿਰਾਦਰ ਖ਼ਿਲਾਫ਼ ਪ੍ਰਦਰਸ਼ਨ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ/ਜਸਬੀਰ ਸਿੰਘ ਸ਼ੇਤਰਾ): ਲੁਧਿਆਣਾ ਵਿੱਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਨਿਰਾਦਰ ਕਰਨ ਦੀ ਘਟਨਾ ਖ਼ਿਲਾਫ਼ ਅੰਬੇਡਕਰ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਜਗਰਾਉਂ ਵਿੱਚ ਪੰਜ ਨੰਬਰ ਚੁੰਗੀ ਨੇੜੇ ਅੰਬੇਡਕਰ ਚੌਕ ਵਿੱਚ ਲੱਗੇ ਆਦਮਕੱਦ ਬੁੱਤ ਅੱਗੇ ਵੱਡੀ ਗਿਣਤੀ ਲੋਕ ਇਕੱਤਰ ਹੋਏ ਅਤੇ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬਾਬਾ ਸਾਹਿਬ ਦੇ ਬੁੱਤ ਦਾ ਨਿਰਾਦਰ ਕਰਨ ਵਾਲੇ ਮੁਲਜ਼ਮਾਂ ਦੀ ਤੁਰੰਤ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ। ਨਗਰ ਕੌਸਲ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਰੁਣ ਗਿੱਲ, ਕਾਂਗਰਸੀ ਆਗੂ ਰਿੰਪੀ ਲੱਧੜ ਅਤੇ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਦਾ ਅਪਮਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਘਟਨਾ ਨੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਆਗੂਆਂ ਨੇ ਸ਼ੱਕ ਪ੍ਰਗਟਾਇਆ ਕਿ ਸਮਾਜਿਕ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਘਟਨਾਵਾਂ ਪਿੱਛੇ ਕੋਈ ਡੂੰਘੀ ਸਾਜ਼ਿਸ਼ ਵੀ ਹੋ ਸਕਦੀ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮੁਜ਼ਾਹਰੇ ਵਿੱਚ ਕਾਂਗਰਸ, ਸੈਂਟਰਲ ਵਾਲਮੀਕਿ ਸਭਾ, ਸਫ਼ਾਈ ਸੇਵਕ ਯੂਨੀਅਨ ਸਮੇਤ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

Advertisement

ਅੰਬੇਡਕਰ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ: ਇਆਲੀ

ਮੁੱਲਾਂਪੁਰ (ਨਿੱਜੀ ਪੱਤਰ ਪ੍ਰੇਰਕ): ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਆਲੀ ਨੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਨਿਖੇਧੀ ਕੀਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਅਫ਼ਸੋਸਨਾਕ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬਿਨਾਂ ਦੇਰੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਚੇਅਰਮੈਨ ਇਆਲੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰੀ, ਆਜ਼ਾਦੀ ਅਤੇ ਇੱਜ਼ਤ ਨਾਲ ਜਿਉਣ ਦਾ ਹੱਕ ਦਿੱਤਾ। ਇਹ ਸਭ ਕੁਝ ਦੇਣ ਵਾਲੇ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਅਸਲ ਵਿੱਚ ਸਮੁੱਚੇ ਸੰਵਿਧਾਨ ਅਤੇ ਸਮਾਜਿਕ ਸਦਭਾਵਨਾ ‘ਤੇ ਹਮਲਾ ਹੈ। ਇਸ ਮੌਕੇ ਅਮਰਜੀਤ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਪਰਗਟ ਸਿੰਘ ਵੀ ਮੌਜੂਦ ਸਨ।

Advertisement

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ

ਲੁਧਿਆਣਾ (ਗੁਰਿੰਦਰ ਸਿੰਘ): ਭਾਜਪਾ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਭਾਜਪਾ ਦੇ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਘਟਨਾ ਦੀ ਨਿੰਦਾ ਕਰਦਿਆਂ ਸਮੂਹ ਸੰਗਤ ਅਤੇ ਭਾਈਚਾਰੇ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਗਗਨਦੀਪ ਕੁਮਾਰ ਮਨੀ, ਪੁਨੀਤ ਸ਼ਰਮਾ, ਰਾਜ ਪ੍ਰਤਾਪ ਸਿੰਘ, ਮਨਦੀਪ ਸਿੰਘ, ਸੁਸ਼ੀਲ ਕੁਮਾਰ ਸਿੰਪੀ, ਵਿੱਕੀ ਗੁਪਤਾ, ਰਵੀ ਪ੍ਰਜਾਪਤੀ, ਗੁਰਵਿੰਦਰ ਸਿੰਘ ਹਾਜ਼ਰ ਸਨ।

Advertisement
×