Ludhiana Water Crisis: ਡਾ. ਅੰਬੇਡਕਰ ਨਗਰ ਵਾਸੀ 15 ਦਿਨਾਂ ਤੋਂ ਪਾਣੀ ਨੂੰ ਤਰਸੇ
ਸਿੱਧਵਾਂ ਨਹਿਰ ਤੋਂ ਢੋਅ ਰਹੇ ਨੇ ਪਾਣੀ; ਦੂਸ਼ਿਤ ਪਾਣੀ ਦੀ ਸਪਲਾਈ ਅਤੇ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਰੋਸ
ਸ਼ਹਿਰ ਦੇ ਡਾ. ਅੰਬੇਡਕਰ ਨਗਰ ਇਲਾਕੇ ਵਿੱਚ ਪਿਛਲੇ 15 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਬੇਹਾਲ ਹੋ ਚੁੱਕੀ ਹੈ। ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਇਲਾਕਾ ਵਾਸੀ ਰੋਜ਼ਾਨਾ ਵਰਤੋਂ ਅਤੇ ਪੀਣ ਵਾਲੇ ਪਾਣੀ ਲਈ ਸਿੱਧਵਾਂ ਨਹਿਰ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ, ਜਿਸ ਕਾਰਨ ਲੋਕਾਂ ਵਿੱਚ ਨਿਗਮ ਪ੍ਰਸ਼ਾਸਨ ਖ਼ਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਅਨੁਸਾਰ ਅੰਬੇਡਕਰ ਨਗਰ ਦੀਆਂ ਸਾਰੀਆਂ 13 ਗਲੀਆਂ ਇਸ ਪਾਣੀ ਦੇ ਸੰਕਟ ਤੋਂ ਪ੍ਰਭਾਵਿਤ ਹਨ। ਖਾਣਾ ਪਕਾਉਣ, ਪੀਣ, ਕੱਪੜੇ ਧੋਣ ਅਤੇ ਹੋਰ ਘਰੇਲੂ ਕੰਮਾਂ ਲਈ ਲੋਕਾਂ ਨੂੰ ਬਾਹਰੋਂ ਪਾਣੀ ਲਿਆਉਣਾ ਪੈ ਰਿਹਾ ਹੈ। ਸਿੱਧਵਾਂ ਨਹਿਰ ਤੋਂ ਪਾਣੀ ਭਰ ਕੇ ਲਿਆਉਣਾ ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰਾਂ ਲਈ ਬੇਹੱਦ ਮੁਸ਼ਕਲ ਸਾਬਤ ਹੋ ਰਿਹਾ ਹੈ।
ਸਥਾਨਕ ਵਾਸੀ ਮੀਨਾ ਦੇਵੀ ਨੇ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਰੋਜ਼ਾਨਾ ਦੇ ਕੰਮ-ਕਾਜ ਠੱਪ ਹੋ ਕੇ ਰਹਿ ਗਏ ਹਨ ਅਤੇ ਨਹਿਰ ਤੋਂ ਪਾਣੀ ਲਿਆਉਣਾ ਕੋਈ ਸੌਖਾ ਕੰਮ ਨਹੀਂ ਹੈ। ਮਮਤਾ ਰਾਣੀ ਨੇ ਦੱਸਿਆ ਕਿ ਜੇ ਕਦੇ ਟੂਟੀਆਂ ਵਿੱਚ ਪਾਣੀ ਆਉਂਦਾ ਵੀ ਹੈ ਤਾਂ ਉਹ ਇਨ੍ਹਾਂ ਖ਼ਰਾਬ ਹੁੰਦਾ ਹੈ ਕਿ ਉਸ ਨੂੰ ਪੀਣ ਲਈ ਵਰਤਣਾ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਇੱਕ ਹੋਰ ਇਲਾਕਾ ਵਾਸੀ ਵਿੱਕੀ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਲਾਕੇ ਵਿੱਚ ਟੁੱਟੀਆਂ ਸੜਕਾਂ ਅਤੇ ਓਵਰਫ਼ਲੋਅ ਹੋ ਰਹੇ ਸੀਵਰੇਜ ਦੀ ਸਮੱਸਿਆ ਪਹਿਲਾਂ ਹੀ ਗੰਭੀਰ ਬਣੀ ਹੋਈ ਸੀ, ਹੁਣ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਦੇ ਉੱਚ ਅਧਿਕਾਰੀ ਖ਼ੁਦ ਇਲਾਕੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣ।
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਦੀ ਟੀਮ ਤੁਰੰਤ ਵਾਟਰ ਸਪਲਾਈ ਲਾਈਨਾਂ ਦੀ ਚੈਕਿੰਗ ਕਰੇ, ਪਾਣੀ ਵਿੱਚ ਮਿਲ ਰਹੀ ਗੰਦਗੀ ਦੇ ਕਾਰਨਾਂ ਦਾ ਪਤਾ ਲਗਾਵੇ ਅਤੇ ਸ਼ੁੱਧ ਪਾਣੀ ਦੀ ਸਪਲਾਈ ਬਹਾਲ ਕਰੇ। ਲੋਕਾਂ ਅਨੁਸਾਰ ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਦਾ ਰਲਗੱਡ ਹੋਣਾ ਗੰਭੀਰ ਬੀਮਾਰੀਆਂ ਫੈਲਣ ਦਾ ਕਾਰਨ ਬਣ ਸਕਦਾ ਹੈ, ਇਸ ਲਈ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਨਗਰ ਨਿਗਮ ਦੇ ਐੱਸ ਈ ਰਣਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਟਿਊਬਵੈੱਲ ਵਿੱਚ ਕੁੱਝ ਖ਼ਰਾਬੀ ਸੀ, ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ ਤੇ ਹੁਣ ਕਿਸੇ ਨੂੰ ਵੀ ਪਾਣੀ ਦੀ ਕੋਈ ਦਿੱਕਤ ਨਹੀਂ ਆਏਗੀ।

