double murder case: ਰਿਸ਼ਤੇਦਾਰ ਹੀ ਨਿਕਲਿਆ ਬਜ਼ੁਰਗ ਜੋੜੇ ਦਾ ਕਾਤਲ
ਸਨਅਤੀ ਸ਼ਹਿਰ ਦੇ ਜਨਤਾ ਨਗਰ ਇਲਾਕੇ ਵਿੱਚ ਪਿਛਲੇ ਦਿਨੀਂ ਹੋਏ ਬਜ਼ੁਰਗ ਜੋੜੇ ਦੇ ਕਤਲ ਕਾਂਡ ਦੇ ਮੁਲਜ਼ਮ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਪਿੰਡ ਗਿੱਲ ਵਾਸੀ ਪ੍ਰਦੀਪ ਸਿੰਘ (34) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ...
ਸਨਅਤੀ ਸ਼ਹਿਰ ਦੇ ਜਨਤਾ ਨਗਰ ਇਲਾਕੇ ਵਿੱਚ ਪਿਛਲੇ ਦਿਨੀਂ ਹੋਏ ਬਜ਼ੁਰਗ ਜੋੜੇ ਦੇ ਕਤਲ ਕਾਂਡ ਦੇ ਮੁਲਜ਼ਮ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਪਿੰਡ ਗਿੱਲ ਵਾਸੀ ਪ੍ਰਦੀਪ ਸਿੰਘ (34) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਵਾਰਦਾਤ ਦੌਰਾਨ ਵਰਤਿਆ ਲੋਹੇ ਦਾ ਭਾਰੀ ਸਾਮਾਨ ਵੀ ਬਰਾਮਦ ਕਰ ਲਿਆ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰਦੀਪ ਸਿੰਘ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ। ਉਸ ਕੋਲ ਕੋਈ ਪੱਕਾ ਕੰਮ-ਧੰਦਾ ਨਹੀਂ ਹੈ। ਉਸ ਨੇ ਇੱਕ ਕਾਰ ਲਈ ਸੀ ਜਿਹੜੀ ਕਰਜ਼ਾ ਨਾ ਮੋੜਨ ਕਰ ਕੇ ਗਹਿਣੇ ਪਈ ਸੀ। ਮ੍ਰਿਤਕ ਹਰਮੀਤ ਕੌਰ ਉਸ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਭੂਆ ਲੱਗਦੀ ਸੀ। ਉਹ ਅਕਸਰ ਆਪਣੀ ਭੂਆ ਅਤੇ ਫੁੱਫੜ ਕੁਲਦੀਪ ਸਿੰਘ ਨੂੰ ਮਿਲਣ ਆਉਂਦਾ ਸੀ। ਉਹ ਮਦਦ ਦੇ ਨਾਂ ’ਤੇ ਕੁਝ ਪੈਸੇ ਲੈ ਜਾਂਦਾ ਸੀ। 28 ਮਈ ਦੀ ਸ਼ਾਮ ਨੂੰ ਜਦੋਂ ਉਹ ਪੈਸੇ ਮੰਗਣ ਆਇਆ ਤਾਂ ਪਹਿਲਾਂ ਭੂਆ ਨੇ ਮਨਾ ਕੀਤਾ ਪਰ ਬਾਅਦ ਵਿੱਚ ਹਜ਼ਾਰ ਰੁਪਏ ਦੇ ਦਿੱਤੇ। ਇਸ ਦੌਰਾਨ ਮੁਲਜ਼ਮ ਨੇ ਅਲਮਾਰੀ ਵਿੱਚ ਪਏ ਪੈਸੇ ਦੇਖ ਲਏ ਅਤੇ ਉਸ ਦੀ ਨੀਅਤ ਖ਼ਰਾਬ ਹੋ ਗਈ। ਉਸ ਕੋਲ ਪਏ ਲੋਹੇ ਦੇ ਭਾਰੀ ਸਾਮਾਨ ਨਾਲ ਦੋਵਾਂ ਦੇ ਸਿਰ ’ਤੇ ਵਾਰ ਕੀਤੇ। ਬਜ਼ੁਰਗਾਂ ਨੂੰ ਰੌਲਾ ਪਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਨੇ ਕਤਲ ਮਗਰੋਂ ਅਲਮਾਰੀ ਵਿੱਚੋਂ 60 ਹਜ਼ਾਰ ਰੁਪਏ ਕੱਢ ਲਏ। ਮ੍ਰਿਤਕਾ ਹਰਮੀਤ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਅਤੇ ਹੱਥਾਂ ਵਿੱਚੋਂ ਕੜੇ ਵੀ ਕੱਢ ਲਏ। ਵਾਰਦਾਤ ਨੂੰ ਚੋਰੀ ਦਾ ਰੂਪ ਦੇਣ ਲਈ ਉਹ ਪਿਛਲੇ ਰਸਤਿਓਂ ਫ਼ਰਾਰ ਹੋ ਗਿਆ ਅਤੇ ਘਰ ਨੂੰ ਜਿੰਦਰਾ ਲਗਾ ਦਿੱਤਾ।

