DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀਐੱਮਐੱਫ ਵੱਲੋਂ ਟਰੇਡ ਯੂਨੀਅਨਾਂ ਦੀ ਹੜਤਾਲ ਦਾ ਸਮਰਥਨ

ਕੇਂਦਰ ਸਰਕਾਰ ’ਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਜਨਤਕ ਖੇਤਰ ਤਬਾਹ ਕਰਨ ਦਾ ਦੋਸ਼
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 7 ਜੁਲਾਈ

Advertisement

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ 9 ਜੁਲਾਈ ਦੀ ਹੜਤਾਲ ਨੂੰ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਦੌਰਾਨ ਤੈਅ ਕੀਤੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਕਰਨ ਲਈ ਡੀਐੱਮਐੱਫ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਦੀ ਅਗਵਾਈ ਹੇਠ ਹੋਈ। ਜ਼ਿਲ੍ਹਾ ਸਕੱਤਰ ਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣਾ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਜਾਰੀ ਰੱਖਦਿਆਂ ਮਜ਼ਬੂਤ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਵਾਲੇ ਕਰਨਾ, ਸਰਕਾਰੀ ਮਹਿਕਮਿਆਂ ਵਿੱਚ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨਾ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ, ਮਾਣਭੱਤਾ ਵਰਕਰਾਂ ਦੇ ਮਾਣਭੱਤੇ ਵਿੱਚ ਕੇਂਦਰ ਸਰਕਾਰ ਵੱਲੋਂ ਪਾਏ ਜਾਂਦੇ ਹਿੱਸੇ ਵਿੱਚ ਵਾਧਾ ਨਾ ਕਰਨਾ, ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨਾ ਸਾਬਿਤ ਕਰਦਾ ਹੈ ਇਹ ਸਰਕਾਰ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ।

ਰੁਪਿੰਦਰ ਪਾਲ ਸਿੰਘ ਗਿੱਲ, ਸੁਰਿੰਦਰਪਾਲ ਸਿੰਘ, ਪ੍ਰਵੀਨ ਕੁਮਾਰੀ ਅਤੇ ਮਨਪ੍ਰੀਤ ਕੌਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ। ਆਗੂਆਂ ਨੇ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿੱਤੀਆਂ ਆਪਣੀਆਂ ਹੀ ਗਾਰੰਟੀਆਂ ਤੋਂ ਭਗੌੜੀ ਹੋ ਚੁੱਕੀ ਹੈ ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ ਵੱਖ ਕਿਸਮ ਦੇ ਰੋਕੇ ਗਏ ਭੱਤੇ, ਏਸੀਪੀ ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਨੇ 9 ਜੁਲਾਈ ਨੂੰ ਹੜਤਾਲ ਦੌਰਾਨ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਦਾ ਐਲਾਨ ਕੀਤਾ। ਇਸ ਮੌਕੇ ਪਿੰਕੀ, ਬਰਜਿੰਦਰ ਸਿੰਘ, ਮਨਜੀਤ ਕੌਰ ਅਤੇ ਰਾਧਾ ਰਾਣੀ ਹਾਜ਼ਰ ਸਨ।

Advertisement
×