
ਪੰਜਾਬ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਕਾਰਕੁਨ ਪ੍ਰਧਾਨ ਮੇਸ਼ੀ ਸਹੋਤਾ ਨਾਲ। -ਫੋਟੋ: ਸ਼ੇਤਰਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਨਵੰਬਰ
ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੀ ਇਕੱਤਰਤਾ ਅੱਜ ਸਥਾਨਕ ਸ਼ੇਰਪੁਰਾ ਰੋਡ ਸਥਿਤ ਮੁੱਖ ਦਫ਼ਤਰ ਵਿੱਚ ਹੋਈ। ਇਸ ਮੌਕੇ ਹਾਜ਼ਰ ਕਾਰਕੁਨਾਂ ਨੇ ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ ਸਹੋਤਾ ਖ਼ਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਧੋਖਾਧੜੀ ਦੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਪ੍ਰਧਾਨ ਦੀ ਮੌਜੂਦਗੀ ਵਿੱਚ ਯੂਨੀਅਨ ਨੁਮਾਇੰਦਿਆਂ ਨੇ ਕਿਹਾ ਕਿ ਮੇਸ਼ੀ ਸਹੋਤਾ ਕਾਂਗਰਸ ਦਾ ਕੌਂਸਲਰ ਵੀ ਹੈ। ਆਮ ਆਦਮੀ ਪਾਰਟੀ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਲਾਹ ਕੇ ਨਗਰ ਕੌਂਸਲ ’ਤੇ ਕਾਬਜ਼ ਹੋਣਾ ਚਾਹੁੰਦੀ ਹੈ ਪਰ ‘ਆਪ’ ਦਾ ਆਪਣਾ ਇਕ ਵੀ ਕੌਂਸਲਰ ਨਹੀਂ ਅਤੇ ਜਿਹੜੇ ਬਾਗੀ ਕੌਂਸਲਰ ‘ਆਪ’ ਆਗੂਆਂ ਨਾਲ ਮਿਲ ਕੇ ਸਾਜਿਸ਼ਾਂ ਘੜ ਰਹੇ ਹਨ ਉਨ੍ਹਾਂ ਕੋਲ ਬਹੁਮਤ ਨਹੀਂ ਹੈ। ਯੂਨੀਅਨ ਆਗੂ ਹਰਪਾਲ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਕਿਹਾ ਕਿ ਪ੍ਰਧਾਨ ਨੇ ਯੂਨੀਅਨ ਦੇ ਫੰਡਾਂ ਦੀ ਕੋਈ ਗੜਬੜੀ ਨਹੀਂ ਕੀਤੀ। ਇਕ ਬੇਬੁਨਿਆਦ ਤੇ ਤੱਥਹੀਣ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ, ਜਿਸ ਵਿੱਚ ਬੀਤੇ ਦਿਨ ਅਦਾਲਤ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਪਰਚਾ ਦਰਜ ਕੀਤਾ ਹੈ ਉਹ ਸਾਰੇ 31 ਅਗਸਤ, 2021 ਨੂੰ ਲੇਬਰ ਕੋਰਟ ਵਿੱਚ ਅਪੀਲ ਕਰਕੇ ਬਣਦੇ ਰੁਪਏ ਸਬੰਧਤ ਠੇਕੇਦਾਰ ਤੋਂ ਸਮਝੌਤਾ ਕਰਕੇ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਮਿਹਨਤਾਨੇ ਦੀ ਅਦਾਇਗੀ ਠੇਕੇਦਾਰ ਨੇ ਕਰਨੀ ਹੁੰਦੀ ਹੈ ਅਤੇ ਠੇਕੇਦਾਰ ਵੱਲੋਂ ਬਿੱਲਾਂ ਮੁਤਾਬਕ ਬੈਂਕ ਖਾਤਿਆਂ ਵਿੱਚ ਪਾ ਮਜ਼ਦੂਰੀ ਪਾ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਤੋਂ ਝੂਠਾ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਮਾਮਲੇ ਸਬੰਧੀ ਇਨਸਾਫ਼ ਨਾ ਮਿਲਣ ’ਤੇ ਯੂਨੀਅਨ ਪੰਜਾਬ ਪੱਧਰ ਉੱਤੇ ਅਣਮਿਥੇ ਸਮੇਂ ਦਾ ਧਰਨਾ ਦੇਣ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਸ਼ਿਕਾਇਤਕਰਤਾ ਦੇ ਫੋਨ ਨੰਬਰ ਦੀ ਜਾਂਚ ਮੰਗੀ
ਪ੍ਰਧਾਨ ਤੇ ਕੌਂਸਲਰ ਮੇਸ਼ੀ ਸਹੋਤਾ ਨੇ ਕਿਹਾ ਕਿ ਉਸ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੇ ਸ਼ਿਕਾਇਤਕਰਤਾ ਦਾ ਜੋ ਫੋਨ ਨੰਬਰ ਦਿੱਤਾ ਹੋਇਆ ਹੈ, ਉਹ ਅਸਲ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਾਂਗਰਸ ਵਿੱਚੋਂ ਕੱਢੇ ਅਮਰਨਾਥ ਕਾਕਾ ਕਲਿਆਣ ਦਾ ਹੈ। ਇਸ ਦੀ ਜਾਂਚ ਮੰਗਦਿਆਂ ਉਨ੍ਹਾਂ ਕਿਹਾ ਕਿ ਕਾਲਾ ਕਲਿਆਣ, ਜਿਸ ਦੀ ਨੂੰਹ ਕੌਂਸਲਰ ਹੈ, ਹੁਣ ‘ਆਪ’ ਨਾਲ ਮਿਲ ਕੇ ਕਾਂਗਰਸੀ ਪ੍ਰਧਾਨ ਨੂੰ ਲਾਹੁਣ ਲਈ ਸਰਗਰਮ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ