ਪੰਜਾਬੀ ਲੇਖਕ ਸਭਾ ਦੀ ਵਿਸ਼ੇਸ਼ ਮੀਟਿੰਗ ਡਾ. ਗੁਰਇਕਬਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ, ਲੁਧਿਆਣਾ ਵਿੱਚ ਬਹੁਤ ਹੀ ਉਤਸ਼ਾਹ ਨਾਲ ਹੋਈ। ਇਸ ਸਾਹਿਤਕ ਇਕੱਤਰਤਾ ਦੌਰਾਨ ਉੱਘੇ ਕਵੀ ਕੇ ਸਾਧੂ ਸਿੰਘ ਦੀਆਂ ਕਵਿਤਾਵਾਂ ਅਤੇ ਕਹਾਣੀਕਾਰ ਸੁਰੇਸ਼ ਹੰਸ ਦੀ ਹਿੰਦੀ ਕਹਾਣੀ ‘ਕਮਾਂਡਰ ਕੀ ਨਾਕ’ ਉੱਤੇ ਚਰਚਾ ਕੀਤੀ ਗਈ। ਮੀਟਿੰਗ ਦੇ ਪਹਿਲੇ ਗੇੜ ਵਿੱਚ ਕੇ. ਸਾਧੂ ਸਿੰਘ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਬਾਰੇ ਗੱਲ ਕਰਦਿਆਂ ਦਰਸ਼ਨ ਸਿੰਘ ਓਬਰਾਏ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਅਤੇ ਰਾਜਨੀਤੀ ਉੱਤੇ ਡੂੰਘਾ ਵਿਅੰਗ ਕਰਦੀ ਹੈ। ਮਨਜਿੰਦਰ ਧਨੋਆ ਨੇ ਕਿਹਾ ਕਿ ਕਵੀ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ, ਜੋ ਲੋਕਾਂ ਦੀ ਪੀੜ ਨੂੰ ਬਹੁਤ ਹੀ ਸਟੀਕ ਅੰਦਾਜ਼ ਵਿੱਚ ਬਿਆਨ ਕਰਦਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਕਵੀ ਨੇ ਗੰਧਲੀ ਰਾਜਨੀਤੀ ਅਤੇ ਟੁੱਟਦੇ ਰਿਸ਼ਤਿਆਂ ਦੇ ਦਰਦ ਨੂੰ ਮਾਰਮਿਕ ਰੂਪ ਵਿੱਚ ਪੇਸ਼ ਕੀਤਾ ਹੈ।
ਦੂਜੇ ਗੇੜ ਵਿੱਚ ਸੁਰੇਸ਼ ਹੰਸ ਦੀ ਕਹਾਣੀ ‘ਕਮਾਂਡਰ ਕੀ ਨਾਕ’ ਉੱਤੇ ਚਰਚਾ ਕਰਦਿਆਂ ਕਹਾਣੀਕਾਰਾ ਇੰਦਰਜੀਤਪਾਲ ਭਿੰਡਰ ਨੇ ਕਿਹਾ ਕਿ ਇਸ ਕਹਾਣੀ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇਹ ਪਾਠਕ ਨੂੰ ਆਪਣੇ ਨਾਲ-ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ। ਕੇ ਸਾਧੂ ਸਿੰਘ ਨੇ ਕਿਹਾ ਕਿ ਭਾਵੇਂ ਇਹ ਕਹਾਣੀ ਹਿੰਦੀ ਵਿੱਚ ਹੈ, ਪਰ ਇਸ ਵਿੱਚ ਪੰਜਾਬ ਦੀ ਅਸਲ ਆਤਮਾ ਧੜਕਦੀ ਹੈ ਕਿਉਂਕਿ ਇਹ ਪੰਜਾਬ ਦੀ ਬਾਤ ਪਾਉਂਦੀ ਹੈ। ਹਰਵਿੰਦਰ ਥਰੀਕੇ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੁਰੇਸ਼ ਹੰਸ ਨੇ ਆਪਣੀ ਪੁਸਤਕ ‘ਕਸਤੂਰੀ ਕੁੰਡਲ’ ਡਾ. ਗੁਰਇਕਬਾਲ ਸਿੰਘ ਅਤੇ ਮਨਜਿੰਦਰ ਧਨੋਆ ਨੂੰ ਭੇਟ ਕੀਤੀ। ਸਮੁੱਚੀ ਕਾਰਵਾਈ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਬਾਖ਼ੂਬੀ ਨਿਭਾਈ।

