ਢਿੱਲੋਂ ਪਰਿਵਾਰ ਦੀ ਸਰਗਰਮੀ ਦੀ ਚਰਚਾ
ਕਾਂਗਰਸ ਹਾਈਕਮਾਂਡ ਨਾਲ ਮੀਟਿੰਗਾਂ ਮਗਰੋਂ ਸਮਰਥਕਾਂ ਨੂੰ ਤਿਆਰੀਆਂ ਵਿੱਢਣ ਦੇ ਨਿਰਦੇਸ਼
ਹਲਕਾ ਸਮਰਾਲਾ ਤੋਂ 4 ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦਾ ਪਰਿਵਾਰ ਸਿਆਸਤ ਵਿੱਚ ਮੁੜ ਸਰਗਰਮ ਹੋਣ ਲੱਗਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਕਾਰਨ ਅਮਰੀਕ ਸਿੰਘ ਢਿੱਲੋਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਸੀ ਅਤੇ ਉਨ੍ਹਾਂ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ। ਕੁਝ ਸਮੇਂ ਬਾਅਦ ਢਿੱਲੋਂ ਪਰਿਵਾਰ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਪਰ ਉਹ ਹਲਕੇ ਵਿਚ ਸਿਆਸੀ ਸਰਗਰਮੀਆਂ ਤੋਂ ਦੂਰ ਰਿਹਾ। ਹਲਕਾ ਸਮਰਾਲਾ ਤੋਂ ਕਾਂਗਰਸ ਦੀ ਕਮਾਂਡ ਇੱਥੋਂ ਚੋਣ ਲੜੇ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਹੱਥ ਵਿਚ ਹੈ ਪਰ ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਸਿਰਫ਼ 1 ਸਾਲ ਦਾ ਸਮਾਂ ਰਹਿ ਗਿਆ ਹੈ ਤਾਂ ਢਿੱਲੋਂ ਪਰਿਵਾਰ ਨੇ ਇੱਕਦਮ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਕੇ ਲੋਕਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਾਂਗਰਸ ਹਾਈਕਮਾਂਡ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਹਿਨਾ ਕਾਵਰੇ ਸਕੱਤਰ ਕਾਂਗਰਸ ਕਮੇਟੀ ਤੇ ਪੰਜਾਬ ਇੰਚਾਰਜ ਨੂੰ ਮਿਲੇ ਜਿੱਥੇ ਉਨ੍ਹਾਂ ਨਾਲ ਸਿਆਸੀ ਵਿਚਾਰਾਂ ਕੀਤੀਆਂ। ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਪਾਰਟੀ ਦੀ ਮਜ਼ਬੂਤੀ ਲਈ ਜੋ ਵੀ ਡਿਊਟੀ ਲਗਾਵੇਗਾ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਢਿੱਲੋਂ ਪਰਿਵਾਰ ਵੱਲੋਂ ਕਾਂਗਰਸ ਦੀ ਹੋਰ ਲੀਡਰਸ਼ਿਪ ਨਾਲ ਰਾਬਤਾ ਕੀਤਾ ਗਿਆ ਹੈ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਪੂਰੀ ਤਿਆਰੀ ਨਾਲ ਟਿਕਟ ਲਈ ਮੈਦਾਨ ਵਿੱਚ ਉਤਰਨਗੇ। ਢਿੱਲੋਂ ਪਰਿਵਾਰ ਵਲੋਂ 25 ਸਾਲ ਹਲਕਾ ਸਮਰਾਲਾ ਦੇ ਲੋਕਾਂ ਦੀ ਸੇਵਾ ਕੀਤੀ ਅਤੇ 5 ’ਚੋਂ 4 ਚੋਣਾਂ ਜਿੱਤ ਕੇ ਵਿਧਾਇਕ ਬਣੇ ਜਿਸ ਕਾਰਨ ਉਨ੍ਹਾਂ ਦੇ ਹਲਕੇ ਵਿਚ ਸਮਰਥਕ ਵੀ ਕਾਫ਼ੀ ਹਨ ਜਿਨ੍ਹਾਂ ਨੂੰ ਨਿਰਦੇਸ਼ ਦੇ ਦਿੱਤੇੇ ਗਏ ਹਨ ਕਿ ਉਹ ਤਿਆਰੀ ਵਿੱਢ ਲੈਣ ਅਤੇ ਕਾਂਗਰਸ ਪਾਰਟੀ ਲਈ ਜੁਟ ਜਾਣ। ਸ੍ਰੀ ਢਿੱਲੋਂ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਪੋਤਰੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਲਈ ਟਿਕਟ ਦੀ ਤਿਆਰੀ ਕਰ ਰਿਹਾ ਹੈ ਅਤੇ ਇਹ ਆਉਣ ਵਾਲਾ 1 ਸਾਲ ਹਲਕਾ ਸਮਰਾਲਾ ਦੀ ਕਾਂਗਰਸ ਵਿੱਚ ਕਿਸੇ ਸਿਆਸੀ ਯੁੱਧ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਦੂਸਰੇ ਪਾਸੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਫ਼ੀ ਕਰੀਬੀਆਂ ’ਚੋਂ ਇੱਕ ਹਨ ਉੱਥੇ ਉਨ੍ਹਾਂ ਦੀ ਕਾਂਗਰਸ ਹਾਈਕਮਾਂਡ ਤੱਕ ਚੰਗੀ ਪਹੁੰਚ ਹੈ।

