Dhirendra Shastri Controversy: ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਸ਼ਾਹੀ ਇਮਾਮ ਵੱਲੋਂ ਮੁੜ ਇਤਰਾਜ਼
ਔਰਤਾਂ ਦੇ ਅਪਮਾਨ ਖ਼ਿਲਾਫ਼ ਰੋਸ; ਪ੍ਰਬੰਧਕਾਂ ’ਤੇ ਨਫ਼ਰਤ ਫੈਲਾਉਣ ਦਾ ਦੋਸ਼
ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਪੰਜਾਬ ਫੇਰੀ ਮਗਰੋਂ ਛਿੜਿਆ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕਥਾ ਸਮਾਗਮ ਖ਼ਤਮ ਹੋਣ ਤੋਂ ਬਾਅਦ ਆਪਣੇ ਡੇਰੇ ਪਰਤ ਕੇ ਧੀਰੇਂਦਰ ਸ਼ਾਸਤਰੀ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਉੱਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਤਿੱਖਾ ਪਲਟਵਾਰ ਕੀਤਾ ਹੈ।
ਸ਼ਾਹੀ ਇਮਾਮ ਨੇ ਦੋਸ਼ ਲਾਇਆ ਕਿ ਸ਼ਾਸਤਰੀ ਪੰਜਾਬ ਤੋਂ ਪਰਤਣ ਮਗਰੋਂ ਹੁਣ ਆਪਣੇ ਡੇਰੇ ਬੈਠ ਕੇ ਧਮਕੀਆਂ ਦੇ ਰਹੇ ਹਨ। ਜਦਕਿ ਲੁਧਿਆਣਾ ਰਹਿੰਦਿਆਂ ਉਨ੍ਹਾਂ ਨੇ ਭਾਰੀ ਵਿਰੋਧ ਹੁੰਦਾ ਦੇਖ ਕੇ ਆਪਣੀ ਇਤਰਾਜ਼ਯੋਗ ਟਿੱਪਣੀ ਬਾਰੇ ਬਕਾਇਦਾ ਸਫ਼ਾਈ ਪੇਸ਼ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸਲਿਮ ਭਾਈਚਾਰੇ ਦਾ ਮੁੱਖ ਵਿਰੋਧ ਧੀਰੇਂਦਰ ਸ਼ਾਸਤਰੀ ਵੱਲੋਂ ਔਰਤਾਂ ਖ਼ਿਲਾਫ਼ ਕੀਤੀ ਗਈ ਗਲਤ ਟਿੱਪਣੀ ਬਾਰੇ ਸੀ ਨਾ ਕਿ ਕਿਸੇ ਹੋਰ ਮੁੱਦੇ ਉੱਤੇ।
ਉਨ੍ਹਾਂ ਕਿਹਾ ਕਿ ਸ਼ਾਸਤਰੀ ਹੁਣ ਲੋਕਾਂ ਸਾਹਮਣੇ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਸਿਰਫ਼ ਧਰਮ ਬਦਲਣ ਦੇ ਮੁੱਦੇ ’ਤੇ ਹੀ ਗੱਲ ਕੀਤੀ ਸੀ। ਅਸਲੀਅਤ ਇਹ ਹੈ ਕਿ ਸਮਾਗਮ ਦੌਰਾਨ ਧੀਆਂ ਭੈਣਾਂ ਬਾਰੇ ਬੇਹੱਦ ਮਾੜੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਦੀ ਵੀਡੀਓ ਰਿਕਾਰਡਿੰਗ ਅੱਜ ਵੀ ਮੌਜੂਦ ਹੈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਵੀ ਧੀ ਭੈਣ ਦਾ ਅਪਮਾਨ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ, ਭਾਵੇਂ ਉਹ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਹੋਵੇ।
ਇਸੇ ਦੌਰਾਨ ਸ਼ਾਹੀ ਇਮਾਮ ਨੇ ਕਥਾ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਉੱਤੇ ਵੀ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਬੰਧਕਾਂ ਨੇ ਜਾਣਬੁੱਝ ਕੇ ਲੁਧਿਆਣਾ ਵਰਗੇ ਸ਼ਾਂਤਮਈ ਸ਼ਹਿਰ ਵਿੱਚ ਮਸੀਹੀ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਨਫ਼ਰਤੀ ਬਿਆਨਬਾਜ਼ੀ ਕਰਵਾ ਕੇ ਆਪਸੀ ਭਾਈਚਾਰਾ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ।

