Khanna Development Projects: ਸ਼ਹਿਰ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸਰਕਾਰ ਨੇ ਖੰਨਾ ਵਾਸੀਆਂ ਨਾਲ ਵਿਕਾਸ ਕਾਰਜਾਂ ਦਾ ਵਾਅਦਾ ਪੂਰਾ ਕੀਤਾ: ਸੌਂਦ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਨਗਰ ਕੌਂਸਲ ਖੰਨਾ ਵਿੱਚ 19.38 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 151 ਵਿਕਾਸ ਕੰਮਾਂ ਦਾ ਉਦਘਾਟਨ ਕਰ ਕੇ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੋ ਚੁੱਕੇ ਹਨ ਅਤੇ ਕੰਮ ਵੀ ਅੱਜ ਤੋਂ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਆਪ’ ਸਰਕਾਰ ਨੇ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਨਗਰ ਕੌਂਸਲ ਦੀ ਕਮੇਟੀ ਸੱਤਾਧਾਰੀ ਪਾਰਟੀ ਦੀ ਬਣਾ ਦਿਓ ਸਾਰੇ ਕੰਮ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਗੇ ਅਤੇ ਵਿਕਾਸ ਕੰਮਾਂ ਦੀ ਰਫ਼ਤਾਰ ਵੀ ਦੁੱਗਣੀ ਕੀਤੀ ਜਾਵੇਗੀ। ਇਸੇ ਲੜੀ ਤਹਿਤ ਨਗਰ ਕੌਂਸਲ ਦੀ ਕਮੇਟੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਖੰਨਾ ਸ਼ਹਿਰ ਦੀ ਸਾਫ਼-ਸਫ਼ਾਈ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 151 ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ 20 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸੌਂਦ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਵੱਲੋਂ ਬਹੁਤ ਸਾਰੇ ਕੰਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਬਿਜਲੀ, ਸੜਕਾਂ, ਸਿੱਖਿਆ, ਸਿਹਤ, ਖੇਡ ਮੈਦਾਨ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਆਦਿ ਸ਼ਾਮਲ ਹਲ। ਕੌਂਸਲ ਪ੍ਰਧਾਨ ਜਤਿੰਦਰ ਪਾਠਕ ਨੇ ਕਿਹਾ ਕਿ ਇਹ ਸਾਰੇ ਕੰਮ ਕਰੀਬ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਬੈਂਬੀ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਕਰਮਜੀਤ ਸਿੰਘ ਸਿਫਤੀ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ।
ਟੱਕ ਲਾ ਕੇ ਵਿਕਾਸ ਕਾਰਜ ਸ਼ੁਰੂ
ਲੁਧਿਆਣਾ (ਗੁਰਿੰਦਰ ਸਿੰਘ): ਵਾਰਡ ਨੰ 44 ਵਿੱਚ ਪੈਂਦੇ ਮੁਹੱਲਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਪ੍ਰਤਾਪ ਨਗਰ ਦੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕੀਤਾ। ਦੋਹਾਂ ਆਗੂਆਂ ਨੇ 25 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਇਨ੍ਹਾਂ ਗਲੀਆਂ ਦਾ ਕੰਮ ਟੱਕ ਲਾ ਕੇ ਸ਼ੁਰੂ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ ਦੱਸਿਆ ਕਿ 44 ਨੰਬਰ ਵਾਰਡ ਵਿੱਚ 10ਵਾਂ ਕੰਮ ਸ਼ੁਰੂ ਹੋ ਗਿਆ ਹੈ ਅਤੇ 7 ਹੋਰ ਕੰਮ ਜਲਦੀ ਸ਼ੁਰੂ ਹੋਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਨਅਤੀ ਖੇਤਰ ਵਿੱਚ ਬਿਜਲੀ ਕੱਟਾਂ ਤੇ ਰੋਕ ਲਗਾ ਦਿੱਤੀ ਗਈ ਹੈ। ਕੌਂਸਲਰ ਸੋਹਨ ਸਿੰਘ ਗੋਗਾ ਨੇ ਦੱਸਿਆ ਕਿ ਨਗਰ ਨਿਗਮ ਮੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵਿਸ਼ੇਸ਼ ਸਹਿਯੋਗ ਸਦਕਾ ਇਲਾਕੇ ਵਿੱਚ ਅੱਜ ਵੱਡੇ ਪੱਧਰ ’ਤੇ ਕੰਮ ਚੱਲ ਰਹੇ ਹਨ। ਇਸ ਮੌਕੇ ਕੁਲਦੀਪ ਸਿੰਘ ਸੈਣੀ, ਆਕਾਸ਼ ਵਰਮਾ, ਅਜਮੇਰ ਸਿੰਘ ਕੋਹਲਾ, ਰਣਜੀਤ ਸਿੰਘ ਜੀਤਾ, ਮਨਦੀਪ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਕਲਸੀ, ਹਰਪ੍ਰੀਤ ਸਿੰਘ ਸੈਣੀ, ਇਕਬਾਲ ਕੌਰ, ਬਲਜੀਤ ਕੌਰ ਅਤੇ ਹਰਦੀਪ ਸਿੰਘ ਹੈਰੀ ਹਾਜ਼ਰ ਸਨ।

