ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਚੱਲ ਰਹੀ ਕਾਰ ਸੇਵਾ ਵਿੱਚ ਰੋਜ਼ਾਨਾ ਨਵੀਆਂ-ਨਵੀਆਂ ਔਕੜਾਂ ਆ ਰਹੀਆਂ ਹਨ। ਕਰੋੜਾਂ ਰੁਪਏ ਦਾ ਟੈਂਡਰ ਦੇਣ ਦੇ ਬਾਵਜੂਦ ਤਾਜਪੁਰ ਰੋਡ ਦੀਆਂ ਡੇਅਰੀਆਂ ਤੋਂ ਗੋਹਾ ਚੁੱਕਣ (ਲਿਫ਼ਟਿੰਗ) ਦਾ ਕੰਮ ਸ਼ਰੂ ਨਹੀਂ ਹੋ ਰਿਹਾ। ਡੇਅਰੀ ਮਾਲਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਗੋਹਾ ਪਾਉਣ ਲਈ ਰੇਹੜੇ ਤਾਂ ਦੇ ਦਿੱਤੇ ਹਨ, ਪਰ ਠੇਕੇਦਾਰ ਕੰਮ ਕਰਨ ਨੂੰ ਤਿਆਰ ਨਹੀਂ ਹੈ। ਤਿੰਨ ਦਿਨ ਬੀਤਣ ਦੇ ਬਾਵਜੂਦ ਗੋਹੇ ਦੀ ਚੁਕਾਈ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਇਲਾਕੇ ਦੀਆਂ ਗਲੀਆਂ ਵਿੱਚ ਮੁੜ ਗੋਹਾ ਅਤੇ ਗੰਦਾ ਪਾਣੀ ਇਕੱਠਾ ਹੋ ਗਿਆ ਹੈ। ਇੱਥੋਂ ਲੰਘਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਚਾਰ ਦਿਨ ਪਹਿਲਾਂ ਨਗਰ ਨਿਗਮ ਨੇ ਜੇ ਸੀ ਬੀ ਮਸ਼ੀਨਾਂ ਲਾ ਕੇ ਅਤੇ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕ ਕੇ ਗਲੀਆਂ ਸਾਫ਼ ਕਰਵਾਈਆਂ ਸਨ, ਪਰ ਚੁਕਾਈ ਨਾ ਹੋਣ ਅਤੇ ਪਾਣੀ ਦਾ ਨਿਕਾਸ ਬੰਦ ਹੋਣ ਕਾਰਨ ਸਥਿਤੀ ਪਹਿਲਾਂ ਵਰਗੀ ਹੋ ਗਈ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਦੀਆਂ ਮੀਟਿੰਗਾਂ ਵਿੱਚ ਅਕਸਰ ਅਧਿਕਾਰੀ ਬੁੱਢੇ ਦਰਿਆ ਦੀ ਗੰਦਗੀ ਦਾ ਠੀਕਰਾ ਡੇਅਰੀ ਸੰਚਾਲਕਾਂ ਸਿਰ ਭੰਨਦੇ ਹਨ, ਪਰ ਜ਼ਮੀਨੀ ਪੱਧਰ ’ਤੇ ਪ੍ਰਬੰਧ ਫ਼ੇਲ੍ਹ ਸਾਬਤ ਹੋ ਰਹੇ ਹਨ।
ਪਹਿਲਾਂ ਤੈਅ ਹੋਇਆ ਸੀ ਕਿ ਠੇਕੇਦਾਰ ਹਰ ਡੇਅਰੀ ਤੱਕ ਰੇਹੜੇ ਪਹੁੰਚਾਏਗਾ, ਪਰ ਬਾਅਦ ਵਿੱਚ ਡੇਅਰੀ ਵਾਲੇ ਖੁੱਦ ਰੇਹੜਾ ਲੈ ਕੇ ਆਏ। ਹੁਣ ਡੇਅਰੀਆਂ ਵਿੱਚ ਰੇਹੜੇ ਤਾਂ ਆ ਗਏ, ਪਰ ਗੋਹੇ ਦੀ ਲਿਫ਼ਟਿੰਗ ਹਾਲੇ ਤੱਕ ਸ਼ੁਰੂ ਨਹੀਂ ਹੋ ਸਕੀ ਹੈ।
ਤਾਜਪੁਰ ਰੋਡ ਡੇਅਰੀ ਐਸੋਸੇਈਸ਼ੇਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਲਵਲੀ ਨੇ ਦੋਸ਼ ਲਾਇਆ ਕਿ ਡੇਅਰੀ ਵਾਲੇ ਸਰਕਾਰੀ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ, ਪਰ ਫਿਰ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਗਲੀਆਂ ਸਾਫ਼ ਕਰਨ ਤੋਂ ਅਗਲੇ ਹੀ ਦਿਨ ਪਾਣੀ ਰੋਕ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਤੱਕ ਗੋਹਾ ਨਹੀਂ ਚੁੱਕਿਆ ਜਾਂਦਾ, ਸਫ਼ਾਈ ਕਿਵੇਂ ਹੋਵੇਗੀ? ਉਹ ਪ੍ਰਸ਼ਾਸਨ ਅਤੇ ਠੇਕੇਦਾਰ ਨਾਲ ਲਗਾਤਾਰ ਰਾਬਤਾ ਕਰ ਰਹੇ ਹਨ, ਪਰ ਕੋਈ ਹੱਲ ਨਹੀਂ ਨਿਕਲ ਰਿਹਾ।
‘ਗੋਹੇ ਦੀ ਚੁਕਾਈ ’ਚ ਕੋਈ ਦਿੱਕਤ ਨਹੀਂ’
ਗੋਹਾ ਚੁੱਕਣ ਵਾਲੇ ਠੇਕੇਦਾਰ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਕੁਝ ਡੇਅਰੀਆਂ ਨੂੰ ਰੇਹੜੇ ਦੇ ਦਿੱਤੇ ਗਏ ਹਨ ਅਤੇ ਚੁਕਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਨ੍ਹਾਂ ਥਾਵਾਂ ’ਤੇ ਦਿੱਕਤ ਹੈ, ਉੱਥੇ ਵੀ ਜਲਦ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਦਾ ਕਹਿਣਾ ਹੈ ਕਿ ਤਾਜਪੁਰ ਰੋਡ ਤੋਂ ਰੋਜ਼ਾਨਾ 28 ਤੋਂ 30 ਮੀਟਰਿਕ ਟਨ ਗੋਹਾ ਚੁੱਕਿਆ ਜਾ ਰਿਹਾ ਹੈ। ਜਿੱਥੋਂ ਸ਼ਿਕਾਇਤ ਮਿਲੇਗੀ, ਉੱਥੇ ਤੁਰੰਤ ਹੱਲ ਕਰਵਾਇਆ ਜਾਵੇਗਾ।

