ਸੰਘਣੀ ਧੁੰਦ ਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
ਲੁਧਿਆਣਾ ’ਚ ਦੁਪਹਿਰ ਵੇਲੇ ਹਲਕੀ ਧੁੱਪ ਨਿਕਲੀ; ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ। ਅੱਜ ਵੀ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਲੁਧਿਆਣਵੀਆਂ ਨੇ ਕਈ ਦਿਨਾਂ ਬਾਅਦ ਦੁਪਹਿਰ ਕੁਝ ਸਮੇਂ ਲਈ ਸੂਰਜ ਦੇ ਦਰਸ਼ਨ ਕੀਤੇ ਤੇ ਕੱਲ੍ਹ ਦੇ ਮੁਕਾਬਲੇ ਠੰਢ ਤੋਂ ਰਾਹਤ ਮਹਿਸੂਸ ਕੀਤੀ। ਪੀ ਏ ਯੂ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਮਾਹਿਰਾਂ ਅਨੁਸਾਰ ਵੀਰਵਾਰ ਸਵੇਰੇ ਅਤੇ ਸ਼ਾਮ ਸਮੇਂ ਸੰਘਣੀ ਧੁੰਦ ਛਾਈ ਰਹੀ। ਕਈ ਇਲਾਕਿਆਂ ਵਿੱਚ ਧੁੰਦ ਇੰਨੀ ਸੰਘਣੀ ਸੀ ਕਿ ਮੁੱਖ ਸੜਕਾਂ ’ਤੇ ਕੁਝ ਮੀਟਰ ਤੱਕ ਅੱਗੇ ਦੇਖਣਾ ਮੁਸ਼ਕਲ ਹੋ ਰਿਹਾ ਸੀ। ਗੱਡੀਆਂ ਵਾਲਿਆਂ ਵੱਲੋਂ ਹਾਦਸਿਆਂ ਤੋਂ ਬਚਣ ਲਈ ਆਪਣੇ ਵਾਹਨਾਂ ਦੀਆਂ ਬੱਤੀਆਂ ਤੱਕ ਜਗਾਈਆਂ ਹੋਈਆਂ ਸਨ। ਸੜਕਾਂ ’ਤੇ ਟਰੈਫਿਕ ਵੀ ਪਿਛਲੇ ਦਿਨਾਂ ਦੀ ਤਰ੍ਹਾਂ ਹੌਲੀ ਹੀ ਚੱਲ ਰਿਹਾ ਸੀ। ਦੁਪਹਿਰ ਸਮੇਂ ਕਈ ਦਿਨਾਂ ਬਾਅਦ ਸੂਰਜ ਦੇਵਤਾ ਨੇ ਲੁਧਿਆਣਵੀਆਂ ਨੂੰ ਦਰਸ਼ਨ ਦਿੱਤੇ। ਸੂਰਜ ਦੀ ਹਲਕੀ ਚਮਕ ਤੋਂ ਬਾਅਦ ਲੋਕ ਘਰਾਂ ਦੀਆਂ ਛੱਤਾਂ, ਪਾਰਕਾਂ ਵਿੱਚ ਟਹਿਲਦੇ ਦਿਖਾਈ ਦੇਣ ਲੱਗੇ ਪਰ ਬਰਫੀਲੀ ਹਵਾ ਕਰਕੇ ਠੰਢ ਉਸੇ ਤਰ੍ਹਾਂ ਬਰਕਰਾਰ ਰਹੀ। ਅੱਜ ਦੀ ਹਲਕੀ ਧੁੱਪ ਤੋਂ ਬਾਅਦ ਜਿਹੜਾ ਦਿਨ ਸਮੇਂ ਦਾ ਤਾਪਮਾਨ ਬੀਤੇ ਦਿਨ 10.4 ਡਿਗਰੀ ਸੈਲਸੀਅਸ ਸੀ ਅੱਜ ਮਾਮੂਲੀ ਵਧ ਕੇ 11.8 ਡਿਗਰੀ ਸੈਲਸੀਅਸ ਹੋ ਗਿਆ ਪਰ ਦੂਜੇ ਪਾਸੇ ਘੱਟੋ ਘੱਟ ਤਾਪਮਾਨ ਜੋ ਕੱਲ੍ਹ 8 ਡਿਗਰੀ ਸੈਲਸੀਅਸ ਸੀ ਅੱਜ ਘੱਟ ਕੇ 6.6 ਡਿਗਰੀ ਸੈਲਸੀਅਸ ਹੋ ਗਿਆ ਹੈ। ਸਵੇਰ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 94 ਫੀਸਦੀ ਰਹੀ ਜਦਕਿ ਸ਼ਾਮ ਵੇਲੇ ਨਮੀ ਦੀ ਮਾਤਰਾ 75 ਫੀਸਦੀ ਰਹੀ ਗਈ। ਦੂਜੇ ਪਾਸੇ ਪੀ ਏ ਯੂ ਦੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਠੰਢਾ ਰਹਿਣ ਅਤੇ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

