ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਸ਼ਿਆਂ ਖ਼ਿਲਾਫ਼ ਡੀਸੀ ਦਫ਼ਤਰ ਬਾਹਰ ਧਰਨਾ ਦੇ ਕੇ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਅਤੇ ਹੋਰ ਸਮਰਥਕ ਜਥੇਬੰਦੀਆਂ ਦੇ ਵਰਕਰਾਂ ਨੇ ਹੱਥਾਂ ਵਿੱਚ ਝੰਡੇ ਅਤੇ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ। ਮੁਜ਼ਾਹਰੇ ਵਿੱਚ ਸ਼ਾਮਲ ਔਰਤਾਂ ਨੇ ਨਸ਼ਿਆਂ ਲਈ ਜ਼ਿੰਮੇਵਾਰ ਪੁਲੀਸ-ਸਮਗਲਰ ਗਠਜੋੜ ਦਾ ਪਿਟ ਸਿਆਪਾ ਵੀ ਕੀਤਾ।
ਇਸ ਮੌਕੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ, ਨਸ਼ਿਆਂ ਲਈ ਜ਼ਿੰਮੇਵਾਰ ਨਸ਼ਾ ਸਮੱਗਲਰ- ਪੁਲੀਸ-ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਛੱਤਰੀ ਬਣੇ ਸਿਆਸਤਦਾਨਾਂ ਖ਼ਿਲਾਫ਼ ਕਾਰਵਾਈ ਲਈ ਸਖ਼ਤ ਕਾਨੂੰਨ ਬਣਾ ਕੇ ਲੰਬੀਆਂ ਅਤੇ ਮੌਤ ਵਰਗੀਆਂ ਸਜ਼ਾਵਾਂ ਦੀ ਵਿਵਸਥਾ ਕੀਤੀ ਜਾਵੇ, ਨਸ਼ਿਆ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਨਸ਼ਾ ਛੁਡਾਊ ਕੇਦਰ ਖੋਲ੍ਹ ਕੇ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਇਲਾਜ਼ ਮੁਫ਼ਤ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਚਰਨ ਸਿੰਘ ਨੂਰਪੁਰਾ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਮੋਨੀ, ਚਰਨਜੀਤ ਸਿੰਘ ਫੱਲੇਵਾਲ, ਪੇਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਡਾ: ਸਖਦੇਵ ਸਿੰਘ ਭੂੰਦੜੀ ਅਤੇ ਸੁਦਾਗਰ ਸਿੰਘ ਘੁਡਾਣੀ ਨੇ ਸੰਬੋਧਨ ਕੀਤਾ। ਇਸ ਮੌਕੇ ਭਾਰਤ ਨਗਰ ਚੌਕ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਮਨਿੀ ਸਕੱਤਰੇਤ ਵਿੱਖੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੇ ਜਗਰਾਉਂ ਸਕੂਲ ਐਸੋਸੀਏਸ਼ਨ ਵਲੋਂ ਅੱਜ ਨਸ਼ਿਆਂ ਖ਼ਿਲਾਫ਼ ਕਰਵਾਏ ਸਮਾਗਮ ‘ਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਤੋਂ ਦੂਰ ਰਹਿਣ ਦਾ ਹੋਕਾ ਦਿੱਤਾ ਗਿਆ। ਸੈਮੀਨਾਰ ਨੂੰ ਨਸ਼ਾ ਛੁਡਾਊ ਕੇਂਦਰ ਦੇ ਮੁਖੀ ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਤੋਂ ਇਲਾਵਾ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਅਤੇ ਐਸੋਸੀਏਸ਼ਨ ਦੀ ਪ੍ਰਧਾਨ ਸ਼ਸ਼ੀ ਜੈਨ ਨੇ ਨਸ਼ਿਆਂ ਦੇ ਘਰੇਲੂ, ਆਰਥਿਕ ਤੇ ਸਮਾਜਿਕ ਅਸਰਾਂ ਬਾਰੇ ਵਿਚਾਰ ਸਾਂਝੇ ਕੀਤੇ। ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹੇ ਦਾ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਜਗਰਾਉਂ ‘ਚ ਖੋਲ੍ਹਿਆ ਹੈ ਜਿੱਥੇ ਨਸ਼ੇ ਦੇ ਆਦੀ ਲੋਕਾਂ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਸਾਢੇ ਤਿੰਨ ਲੱਖ ਲੋਕਾਂ ਦਾ ਇਲਾਜ ਚਲਦਾ ਹੋਣ ਨੂੰ ਉਨ੍ਹਾਂ ਚਿੰਤਾਜਨਕ ਅੰਕੜਾ ਕਰਾਰ ਦਿੱਤਾ। ਬੁਲਾਰਿਆਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਟੀਚਾ ਤੈਅ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਉਪ ਪ੍ਰਧਾਨ ਵਿਸ਼ਾਲ ਜੈਨ ਨੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਨਾਇਬ ਤਹਿਸੀਲਦਾਰ ਭੀਸ਼ਮ ਪਾਂਡੇ, ਈਓ ਸੁਖਦੇਵ ਸਿੰਘ ਰੰਧਾਵਾ, ਥਾਣਾ ਮੁਖੀ ਜਗਜੀਤ ਸਿੰਘ ਨੂੰ ਜੀ ਆਇਆਂ ਕਿਹਾ। ਸਕੱਤਰ ਰਾਜਪਾਲ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।
ਨੰਬਰਦਾਰਾਂ ਵੱਲੋਂ ਨਸ਼ਾ ਤਸਕਰਾਂ ਦੀ ਜ਼ਮਾਨਤ ਨਾ ਦੇਣ ਦਾ ਫ਼ੈਸਲਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡ ਪਿੰਡ ਜਾ ਕੇ ਸੈਮੀਨਾਰ ਕੀਤੇ ਜਾ ਰਹੇ ਹਨ। ਇਸ ਤਹਿਤ ਇਥੋਂ ਨੇੜਲੇ ਪਿੰਡ ਰਸੂਲੜਾ ਵਿੱਚ ਹੋਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਨੰਬਰਦਾਰਾਂ ਨੇ ਐੱਸਐੱਸਪੀ ਨੂੰ ਭਰੋਸਾ ਦਵਿਾਇਆ ਕਿ ਨੰਬਰਦਾਰ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਨਹੀਂ ਦੇਣਗੇ। ਇਸ ਮੌਕੇ ਯੂਨੀਅਨ ਆਗੂ ਆਲਮਜੀਤ ਸਿੰਘ ਅਤੇ ਸ਼ੇਰ ਸਿੰਘ ਨੇ ਕਿਹਾ ਕਿ ਉਹ ਨਸ਼ਿਆਂ ਖਿਲਾਫ਼ ਪੁਲੀਸ ਦੀ ਮੁਹਿੰਮ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਸਾਬਕਾ ਸੈਨਿਕ ਵੈਲਫ਼ੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਕੈਪਟਨ ਨੰਦ ਲਾਲ ਮਾਜਰੀ ਨੇ ਸੰਬੋਧਨ ਕੀਤਾ। ਐੱਸਐੱਸਪੀ ਕੌਂਡਲ ਨੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ।