ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 8 ਮਈ
ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੱਖੋਵਾਲ ਵਿਚ ਕਰੋਨਾ ਦੀ ਆੜ ਵਿਚ ਲਾਈਆਂ ਜਾ ਰਹੀਆਂ ਪਾਬੰਦੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕਰੋਨਾ ਬਹਾਨੇ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ ਨੂੰ ਗ਼ੈਰਜ਼ਰੂਰੀ ਦੱਸਦੇ ਹੋਏ ਕਿਰਤੀ ਅਬਾਦੀ ਦੇ ਵਿਰੁੱਧ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਾਲਾਬੰਦੀ ਨਾਲ ਲੋਕਾਂ ਦਾ ਟੁੱਟਿਆ ਲੱਕ ਅਜੇ ਤੱਕ ਸਿੱਧਾ ਨਹੀਂ ਹੋਇਆ, ਉੱਤੋਂ ਮੁੜ ਪਾਬੰਦੀਆਂ ਲਾ ਕੇ ਥੋੜ੍ਹਾ ਬਹੁਤਾ ਆਉਂਦਾ ਸੁਖ ਦਾ ਸਾਹ ਵੀ ਸਰਕਾਰ ਬੰਦ ਕਰ ਦੇਣਾ ਚਾਹੁੰਦੀ ਹੈ। ਆਗੂਆਂ ਨੇ ਆਪਣੇ ਸੰਬੋਧਨ ਵਿਚ ਦੋਸ਼ ਲਾਇਆ ਕਿ ਸਰਕਾਰ ਕਰੋਨਾ ਬਹਾਨੇ ਖੇਤੀ ਕਨੂੰਨਾਂ ਵਿਰੁੱਧ ਉੱਠੇ ਲੋਕ ਸੰਘਰਸ਼ ਨੂੰ ਢਾਹ ਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਸਮੀ ਬਿਮਾਰੀਆਂ ਕਾਰਨ ਢਿੱਲੇ ਹੋ ਰਹੇ ਲੋਕ ਵੀ ਸਰਕਾਰ ਦੀਆਂ ਨਾਕਾਮੀਆਂ ਦੀ ਸਜ਼ਾ ਭੁਗਤ ਰਹੇ ਹਨ। ਸਰਕਾਰ ਤਾਲਾਬੰਦੀ ਕਰਕੇ ਪਹਿਲਾ ਹੀ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਭੋਗ ਪਾ ਚੁੱਕੀ ਹੈ।