ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਅਗਸਤ
ਸਥਾਨਕ ਵਾਰਡ ਨੰਬਰ ਸੱਤ ਦੇ ਰਾਣੀ ਵਾਲਾ ਖੂਹ ਇਲਾਕੇ ’ਚ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ। ਇੱਥੇ ਸਥਿਤ ਵਾਲਮੀਕਿ ਮੰਦਰ ਵਾਲੀ ਗਲੀ ਵਿੱਚ ਕਈ ਦਿਨਾਂ ਤੋਂ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਮੁਹੱਲਾ ਵਾਸੀਆਂ ਦਾ ਲੰਘਣਾ ਔਖਾ ਹੋ ਗਿਆ ਹੈ।
ਇਸ ਖ਼ਿਲਾਫ਼ ਕਾਂਗਰਸੀ ਆਗੂ ਅਮਰਨਾਥ ਕਾਲਾ ਕਲਿਆਣ ਨੇ ਰਾਣੀ ਵਾਲਾ ਖੂਹ ਵਿਚ ਮੁਹੱਲਾ ਵਾਸੀਆਂ ਸਣੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਨਗਰ ਕੌਂਸਲ ਪ੍ਰਧਾਨ ਰਹਿ ਚੁੱਕੀ ਹੈ ਤੇ ਨੂੰਹ ਕੌਂਸਲਰ ਹੈ। ਇਸ ਦੌਰਾਨ ਉਨ੍ਹਾਂ ਸਿੱਧਾ ਨਿਸ਼ਾਨਾ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ’ਤੇ ਸੇਧਿਆ। ਉਨ੍ਹਾਂ ਪ੍ਰਧਾਨ ਦੇ ਕੌਂਸਲਰ ਭਰਾ ਦਾ ਨਾਂ ਲੈ ਕੇ ਵੀ ਨਾਅਰੇ ਲਾਏ। ਉਨ੍ਹਾਂ ਮੁਹੱਲਾ ਵਾਸੀ ਅਮਨਦੀਪ ਸਿੰਘ, ਸੀਤਾ ਰਾਣੀ, ਸੁਰਿੰਦਰ ਸ਼ਿੰਦੋ, ਜੱਗਾ ਸਿੰਘ ਆਦਿ ਨਾਲ ਮਿਲ ਕੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਵਰਕ ਆਰਡਰ ਕੱਟੇ ਹੋਏ ਹਨ ਜਿਸ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੇ ਸਮੱਸਿਆ ਜਲਦ ਹੱਲ ਨਾ ਹੋਈ ਤਾਂ ਉਹ ਇਲਾਕਾ ਵਾਸੀਆਂ ਨੂੰ ਲੈ ਕੇ ਧਰਨਾ ਲਾਉਣ ਲਈ ਮਜਬੂਰ ਹੋਣਗੇ।
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਕਾਲਾ ਕਲਿਆਣ ਵੱਲੋਂ ਜਾਣਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ।