ਸੰਤੋਖ ਸਿੰਘ ਗਿੱਲ
ਗੁਰੂਸਰ ਸੁਧਾਰ, 24 ਸਤੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲੁਧਿਆਣਾ ਤੋਂ ਰਾਏਕੋਟ ਬਰਾਸਤਾ ਜੋਧਾਂ-ਪੱਖੋਵਾਲ ਸੜਕ ਦੀ ਖਸਤਾ ਹਾਲ ਤੋਂ ਦੁਖੀ ਇਲਾਕੇ ਦੇ ਲੋਕਾਂ ਵੱਲੋਂ ਵਰ੍ਹਦੇ ਮੀਂਹ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੋਧਾਂ-ਰਤਨਾਂ ਬਾਜ਼ਾਰ ਵਿੱਚ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਲਾਕੇ ਦੀਆਂ ਪੰਚਾਇਤਾਂ, ਸਪੋਰਟਸ ਕਲੱਬਾਂ, ਜਨਤਕ ਜਥੇਬੰਦੀਆਂ, ਸਮਾਜਸੇਵੀ, ਧਾਰਮਿਕ ਸੰਗਠਨਾਂ ਅਤੇ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ 16 ਨਵੰਬਰ ਨੂੰ ਸ਼ਹੀਦ ਦਾ ਸ਼ਹੀਦੀ ਦਿਹਾੜਾ ਹੈ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਦਕਿ ਸੜਕ ’ਤੇ ਟੋਇਆਂ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ।
ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਇਲਾਵਾ ਜੋਧਾਂ-ਰਤਨਾਂ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸੜਕ ਦੀ ਦਸ਼ਾ ਸੁਧਾਰਨ ਲਈ ਸ਼ਹੀਦ ਸਰਾਭਾ ਦੇ ਸ਼ਹੀਦੀ ਦਿਨ ਤੋਂ ਪਹਿਲਾਂ ਮੁੜ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਕੋਈ ਵੱਡਾ ਐਕਸ਼ਨ ਉਲੀਕਿਆ ਜਾਵੇਗਾ।