ਸਤਵਿੰਦਰ ਬਸਰਾ
ਲੁਧਿਆਣਾ, 19 ਅਕਤੂਬਰ
ਸ਼ਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਅੱਜ ਸੋਮਵਾਰ ਨੂੰ ਫਿਰ ਪੀਏਯੂ ਦੀਆਂ ਤਿੰਨ ਮੁਲਾਜ਼ਮ ਜੱਥੇਬੰਦੀਆਂ ਨੇ ਆਪਣੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਰੋਸ ਮਾਰਚ ਅਤੇ ਧਰਨਾ ਲਾਇਆ। ਇਸ ਰੋਸ ਪ੍ਰਦਰਸ਼ਨ ਵਿੱਚ ਪੀਏਯੂ ਐਂਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀਏਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਜੇਕਰ ਅੱਜ ਸ਼ਾਮ ਤੱਕ ਮੁਲਾਜ਼ਮ ਵਿਰੋਧੀ ਚਿੱਠੀਆਂ ਵਾਪਸ ਨਾ ਲਈਆਂ ਗਈਆਂ ਤਾਂ 20 ਅਕਤੂਬਰ ਨੂੰ ਮੁਲਾਜ਼ਮ ਵਿਰੋਧੀ ਇਨ੍ਹਾਂ ਚਿੱਠੀਆਂ ਨੂੰ ਸਾੜਿਆ ਜਾਵੇਗਾ। ਉਨਾਂ ਮੰਗ ਕੀਤੀ ਕਿ 9-7-2012 ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਾਰ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਏਐੱਸਆਈ ਦੀ ਏਐੱਫਓ ਦੀ ਪ੍ਰਮੋਸ਼ਨ ਲਈ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਕੁਆਲੀਫੀਕੇਸ਼ਨ ਤੇ ਤਜਰਬਾ ਘੱਟ ਕੀਤਾ ਜਾਵੇ, ਲਾਇਬ੍ਰੇਰੀ ਅਟੈਂਡੈਂਟ ਤੇ ਮੈਟਰੋਲੋਜੀਕਲ ਅਟੈਂਡੈਂਟ ਦੀ ਗਰੇਡ ਪੇ ਲੈਬ ਅਟੈਂਡੈਂਟ ਦੇ ਅਧਾਰ ’ਤੇ 2400 ਕੀਤੀ ਜਾਵੇ, ਟੈਕਨੀਕਲ ਸਟਾਫ ਦੀ ਤਰੱਕੀ ਲਈ ਤਜਰਬੇ ਦਾ ਸਮਾਂ ਘਟਾਇਆ ਜਾਵੇ, ਕਾਰ/ਜੀਪ ਡਰਾਈਵਰਾਂ ਦੀਆਂ ਸੁਪਰਵਾਈਜ਼ਰ ਪੋਸਟਾਂ ਵਿੱਚ ਹੋਰ ਵਾਧਾ ਕੀਤਾ ਜਾਵੇ, ਡੀਪੀਐੱਲ/ਕੰਟਰੈਕਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਨੂੰ ਜਲਦੀ ਪ੍ਰਵਾਨ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੀਏਯੂ ਅਧਿਆਪਕ ਜੱਥੇਬੰਦੀ ਦੇ ਪ੍ਰਧਾਨ ਡਾ. ਐੱਚਐੱਸ ਕਿੰਗਰਾ ਨੇ ਮੁਲਾਜ਼ਮਾਂ ਦਾ ਮੌਜੂਦਾ ਸੰਘਰਸ਼ ਜਾਰੀ ਰੱਖਣ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਅਧਿਆਪਕਾਂ ਦੀਆਂ ਤਰੱਕੀਆਂ ਵੀ ਸਮੇਂ ਸਿਰ ਨਹੀਂ ਕੀਤੀਆਂ ਜਾ ਰਹੀਆਂ ਜਦਕਿ ਸੇਵਾ ਮੁਕਤ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਮੁੜ ਨੌਕਰੀ ‘ਤੇ ਰੱਖਿਆ ਗਿਆ ਹੈ ਜਿਸ ਕਰਕੇ ਮੁਲਾਜਮਾਂ ਅਤੇ ਅਧਿਆਪਕਾਂ ਵਿੱਚ ’ਵਰਸਿਟੀ ਦੇ ਅਧਿਕਾਰੀਆਂ ਪ੍ਰਤੀ ਰੋਸ ਹੈ। ਇਸ ਰੋਸ ਧਰਨੇ ਨੂੰ ਉਕਤ ਤੋਂ ਇਲਾਵਾ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ, ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ ਤੇਜਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਿੰਸ ਗਰਗ ਆਦਿ ਨੇ ਵੀ ਸੰਬੋਧਨ ਕੀਤਾ।