ਜਮਹੂਰੀ ਜਥੇਬੰਦੀਆਂ ਵੱਲੋਂ ਇਰਾਨ ’ਤੇ ਹਮਲੇ ਖ਼ਿਲਾਫ਼ ਮੁਜ਼ਾਹਰਾ
ਟਰੰਪ ਪ੍ਰਸ਼ਾਸਨ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਅਮਨ ਸੰਧੀਆਂ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ
ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ ’ਤੇ ਕੀਤੇ ਗਏ ਹਮਲੇ ਖ਼ਿਲਾਫ਼ ਅੱਜ ਇਲਾਕੇ ਦੀਆਂ ਜਮਹੂਰੀ ਜਥੇਬੰਦੀਆਂ ਨੇ ਸਥਾਨਕ ਕਮੇਟੀ ਪਾਰਕ ਵਿੱਚ ਰੈਲੀ ਮਗਰੋਂ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਨੇ ਇਸ ਹਮਲੇ ਨੂੰ ਇੱਕਤਰਫਾ ਬੇਹੱਦ ਸ਼ਰਮਨਾਕ ਕਰਤੂਤ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਅਮਨ ਸੰਧੀਆਂ ਦੀ ਸਖ਼ਤ ਉਲੰਘਣਾ ਦਾ ਦੋਸ਼ੀ ਕਰਾਰ ਦਿੰਦਿਆਂ ਸੰਸਾਰ ਅਮਨ ਅਤੇ ਕਿਰਤੀ ਲੋਕਾਂ ਦਾ ਦੁਸ਼ਮਣ ਨੰਬਰ ਇਕ ਕਰਾਰ ਦਿੱਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਮੋਤੀ, ਕੰਵਲਜੀਤ ਖੰਨਾ, ਰਾਮਜੀ ਦਾਸ, ਅਵਤਾਰ ਸਿੰਘ ਰਸੂਲਪੁਰ, ਧਰਮ ਸਿੰਘ ਸੂਜਾਪੁਰ, ਸੁਰਜੀਤ ਦੌਧਰ, ਗੁਰਮੇਲ ਰੂਮੀ, ਬਲਰਾਜ ਸਿੰਘ ਕੋਟਉਮਰਾ, ਸੁਖਦੇਵ ਮਾਣੂੰਕੇ, ਮਦਨ ਸਿੰਘ, ਮੁਹੰਮਦ ਅਸ਼ਰਫ, ਅਰੁਣ ਗਿੱਲ, ਬਲਦੇਵ ਗਰਚਾ, ਜਸਵੰਤ ਕਲੇਰ ਆਦਿ ਬੁਲਾਰਿਆਂ ਨੇ ਉਨ੍ਹਾਂ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਮਾਰੂ ਜੰਗ ਖ਼ਿਲਾਫ਼ ਸੜਕਾਂ ’ਤੇ ਉਤਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਆਪਣੇ ਫ਼ੌਜੀ ਬਲ ਨਾਲ ਹੁਣ ਤਕ ਦਰਜਨਾਂ ਮੁਲਕਾਂ ਵਿੱਚ ਰਾਜ ਪਲਟਾ ਕਰਵਾ ਚੁੱਕਾ ਅਤੇ ਕਰਵਾ ਰਿਹਾ ਅਮਰੀਕਨ ਸਾਮਰਾਜ ਸੰਸਾਰ ਭਰ ਵਿੱਚ ਲੋਕਾਂ ਦੇ ਆਮ ਜਨਜੀਵਨ ਨੂੰ ਸੂਲੀ ’ਤੇ ਟੰਗ ਰਿਹਾ ਹੈ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਇਜ਼ਰਾਈਲ ਲਈ ਖ਼ਤਰੇ ਦਾ ਡਰਾਮਾ ਰਚ ਕੇ ਕੀਤਾ ਇਹ ਹਮਲਾ ਅਸਲ ਵਿੱਚ ਦੁਨੀਆਂ ਭਰ ਵਿੱਚ ਉਸ ਦੀ ਖੁਰ ਰਹੀ ਚੌਧਰ ਨੂੰ ਬਚਾਉਣ ਦਾ ਇਕ ਕੋਝਾ ਯਤਨ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਇਰਾਕ ਨੂੰ ਤਬਾਹ ਕਰਨ ਤੋਂ ਬਾਅਦ ਉਸ ਦਾ ਅਸਲ ਨਿਸ਼ਾਨਾ ਇਰਾਨ ਦੇ ਤੇਲ ’ਤੇ ਕਬਜ਼ਾ ਕਰਨਾ ਹੈ। ਉਸ ਦਾ ਦੂਸਰਾ ਮਕਸਦ ਬਰਿਕਸ ਦੇਸ਼ਾਂ ਅਤੇ ਰੂਸ, ਚੀਨ ਤੋਂ ਪੈਦਾ ਹੋ ਰਹੇ ਚੈਲੰਜ ਨੂੰ ਰੋਕਣਾ ਹੈ। ਅਮਰੀਕਾ ਨੇ ਮੱਧ ਪੂਰਬ ਦੇ ਬਹੁਤੇ ਮੁਲਕਾਂ ਵਿੱਚ ਆਪਣੀਆਂ ਕਠਪੁਤਲੀ ਸਰਕਾਰਾਂ ਬਣਾ ਕੇ ਉਥੇ ਵੱਡੇ ਫੌਜੀ ਅੱਡੇ ਬਣਾ ਰੱਖੇ ਹਨ। ਇਸ ਖਿੱਤੇ ਵਿੱਚ ਅਮਰੀਕਾ ਦੀ ਲੁੱਟ ਅਤੇ ਫੌਜੀ ਤਾਕਤ ਨੂੰ ਟੱਕਰ ਦੇ ਰਹੇ ਇਰਾਨ ਨੇ ਪਿਛਲੇ ਸਾਲ ਜੂਨ ਵਿੱਚ ਵੀ ਅਮਰੀਕਾ ਇਜ਼ਰਾਈਲ ਨਾਲ ਦੋ ਹੱਥ ਕੀਤੇ ਸਨ। ਉਨ੍ਹਾਂ ਕਿਹਾ ਕਿ ਇਰਾਨ ਦਾ ਰਾਸ਼ਟਰਪਤੀ ਇਰਾਨੀ ਲੋਕਾਂ ਲਈ ਮਾੜਾ ਹੈ ਜਾਂ ਚੰਗਾ ਇਸ ਦਾ ਫ਼ੈਸਲਾ ਇਰਾਨੀ ਲੋਕਾਂ ਨੇ ਕਰਨਾ ਹੈ, ਅਮਰੀਕਾ ਨੂੰ ਇਹ ਕਤਲੇਆਮ ਰਚਾਉਣ ਦਾ ਕੋਈ ਹੱਕ ਨਹੀਂ ਹੈ।

