ਪੰਜਾਬ ਸਟੇਟ ਹੱਜ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਜਨਾਬ ਹਾਸ਼ਿਮ ਸੂਫ਼ੀ ਦਾ ਅੱਜ ਫੀਲਡ ਗੰਜ ਚੌਕ ਸਥਿਤ ਪੰਜਾਬ ਦੀ ਦੀਨੀ ਮਰਕਜ਼ ਜਾਮਾ ਮਸਜਿਦ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼ਾਹੀ ਇਮਾਮ ਨੇ ਭਗਵੰਤ ਮਾਨ ਸਰਕਾਰ ਵੱਲੋਂ ਹਾਸ਼ਿਮ ਸੂਫ਼ੀ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸਟੇਟ ਹੱਜ ਕਮੇਟੀ ਨੂੰ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ ਤਾਂ ਜੋ ਹੱਜ ਦੌਰਾਨ ਹਾਜੀਆਂ ਲਈ ਬਿਹਤਰ ਪ੍ਰਬੰਧ ਕੀਤੇ ਜਾ ਸਕਣ।
ਉਨ੍ਹਾਂ ਮੁਹਾਲੀ ਹਵਾਈ ਅੱਡੇ ਨੇੜੇ ਹੱਜ ਮੰਜ਼ਿਲ ਬਣਾਏ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸਾਊਦੀ ਅਰਬ ਲਈ ਸਿੱਧੀ ਉਡਾਣ ਦਾ ਪ੍ਰਬੰਧ ਕੀਤਾ ਜਾਵੇ। ਜਨਾਬ ਸੂਫ਼ੀ ਨੇ ਕਿਹਾ ਕਿ ਉਹ ਜਲਦੀ ਹੀ ਕੇਂਦਰੀ ਹੱਜ ਕਮੇਟੀ ਦੇ ਸੀ ਈ ਓ ਨੂੰ ਮਿਲ ਕੇ ਪੰਜਾਬ ਦੇ ਹਾਜੀਆਂ ਲਈ ਬਿਹਤਰ ਪ੍ਰਬੰਧ ਕਰਨ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਹਵਾਈ ਅੱਡੇ ਨਾਲ ਹੱਜ ਮੰਜ਼ਿਲ ਬਣਾਏ ਜਾਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਹੱਜ ਕਮੇਟੀ ਨੂੰ ਮਿਲ ਕੇ ਉਹ ਪੰਜਾਬ ਤੋਂ ਸਿੱਧੀ ਉਡਾਣ ਚਲਾਏ ਜਾਣ ਦੀ ਵੀ ਮੰਗ ਕਰਨਗੇ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਾਜੀ ਸ਼ਮਸ਼ਾਦ ਅਹਿਮਦਗੜ੍ਹ, ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ, ਨਿਸਾਰ ਮੁਹੰਮਦ, ਰਿਆਜ ਸਲਮਾਨੀ, ਕਾਰੀ ਮੁਹਤਰਮ, ਹਾਫ਼ਿਜ਼ ਜੈਨੁੱਲਬਦੀਨ, ਅਬੂ ਬਕਰ ਅਤੇ ਮੁਹੰਮਦ ਸਲਮਾਨ ਹਾਜ਼ਰ ਸਨ।

