ਗਗਨਦੀਪ ਅਰੋੜਾ
ਲੁਧਿਆਣਾ, 16 ਜੂਨ
ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਦਾ ਵਫ਼ਦ ਪੁਰਾਣੀ ਪੈਨਸ਼ਨ ਬਹਾਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਿਲਿਆ। ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦਾ ਮੁੱਦਾ ਉਹ ਕਈ ਵਾਰ ਪਹਿਲਾਂ ਵੀ ਵਿਧਾਨ ਸਭਾ ਵਿਚ ਉੱਠਾ ਚੁੱਕੇ ਹਨ ਅਤੇ ਵਾਰ ਵਾਰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਨੇ ਹਾਲੇ ਤੱਕ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਵਜੋਂ ਚੋਣ ਮੈਨੀਫੈਸਟੋ ਵਿੱਚ ਵੀ ਇਹ ਮੰਗ ਦਰਜ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਰਟੀਆਰੀ ਰਾਹੀ ਸਨਸਨੀਖੇਜ ਖੁਲਾਸਾ ਹੋਇਆ ਹੈ ਕਿ 2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦਾ ਸੀਪੀਐੱਫ ਦੇ ਰੂਪ ਵਿਚ ਕੱਟਿਆ ਗਿਆ ਫੰਡ ਕਾਰਪੋਰੇਟ ਅਦਾਰਿਆ ਨੂੂੰ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਵਿਧਾਇਕ ਬੈਂਸ ਨੇ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਲੋਕ ਇਨਸਾਫ਼ ਪਾਰਟੀ ਪਹਿਲੇ ਦਿਨ ਤੋ ਹੀ ਪੰਜਾਬ ਦਾ ਹਰ ਮੁੱਦਾ ਵਿਧਾਨ ਸਭਾ ਵਿਚ ਚੁੱਕਦੀ ਆ ਰਹੀ ਹੈ ਅਤੇ ਇਸ ਮੁੱਦੇ ਨੂੰ ਵੀ ਉਨ੍ਹਾਂ ਪਹਿਲਾਂ ਵੀ ਵਿਧਾਨ ਸਭਾ ਵਿੱਚ ਚੁੱਕਿਆ ਸੀ ਅਤੇ ਅਗਲੇ ਸ਼ੈਸ਼ਨ ਵਿਚ ਇਸ ਮੁੱਦੇ ਨੂੰ ਪਹਿਲਾਂ ਨਾਲੋਂ ਹੋਰ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ।