ਪੰਜਾਬ ਏਡਿਡ ਸਕੂਲ ਟੀਚਰਜ਼ ਯੂਨੀਅਨ ਨੇ ਪਿਛਲੇ ਸੱਤ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਬਲਾਕ ਖੰਨਾ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਤੋਂ ਏਡਿਡ ਸਕੂਲਾਂ ਦੀਆਂ ਗਰਾਂਟਾਂ ਜਾਰੀ ਨਹੀਂ ਕੀਤੀਆਂ ਗਈਆਂ, ਜਦੋਂ ਕਿ ਏਡਿਡ ਪੋਸਟ ’ਤੇ ਕੰਮ ਕਰਨ ਵਾਲੇ ਕਰਮਚਾਰੀ ਲਗਾਤਾਰ ਆਪਣੇ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ।
ਬਲਾਕ ਖੰਨਾ ਦੇ ਸਕੱਤਰ ਭੀਮ ਸੈਨ ਨੇ ਕਿਹਾ ਕਿ ਜਿਸ ਵੇਲੇ ਡਿਊਟੀਆਂ ਲਾਉਣੀਆਂ ਹੁੰਦੀਆਂ ਹਨ ਤਾਂ ਏਡਿਡ ਸਕੂਲਾਂ ਦੇ ਅਧਿਆਪਕ ਸਰਕਾਰੀ ਅਧਿਆਪਕ ਬਣ ਜਾਂਦੇ ਹਨ ਪਰ ਜਦੋਂ ਤਨਖ਼ਾਹਾਂ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਕੂਲ 1967 ਤੋਂ ਗਰਾਂਟ-ਇਨ-ਏਡ ਤਹਿਤ ਕੰਮ ਕਰ ਰਹੇ ਹਨ, ਜਿੱਥੇ ਵੱਡੇ ਵੱਡੇ ਲੀਡਰ, ਆਜ਼ਾਦੀ ਘੁਲਾਟੀਏ ਇਨ੍ਹਾਂ ਸਕੂਲਾਂ ਵਿੱਚ ਪੜ੍ਹੇ ਹਨ ਸੋ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੇ ਦਰਦਾਂ ਨੂੰ ਸਮਝੋ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਸਾਲ-ਡੇਢ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਏਡਿਡ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ ਜਲਦ ਜਾਰੀ ਕਰੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਵਾਲੀਆ, ਮਨ ਮੜਕਨ, ਜਗਪ੍ਰੀਤ ਸਿੰਘ, ਦੇਸਰਾਜ ਨਾਗਪਾਲ, ਜਤਿੰਦਰ ਕੁਮਾਰ, ਸ਼ਿਵ ਸ਼ੰਕਰ, ਪੂਜਾ ਸ਼ਰਮਾ, ਅਨੀਤਾ ਸ਼ਰਮਾ, ਅਨੀਤਾ ਵਾਲੀਆ, ਬਬੀਤਾ ਬਾਂਸਲ, ਕਮਲਜੀਤ ਕੌਰ, ਸੁਖਵਿੰਦਰ ਸਿੰਘ ਹਾਜ਼ਰ ਸਨ।

