ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਪੰਜਾਬ ਨਾਲ ਜੁੜੇ ਵੱਖ ਵੱਖ ਮਸਲਿਆਂ ਨੂੰ ਉਭਾਰਦੀ ਬਲਜੀਤ ਸਿੰਘ ਢਿੱਲੋਂ ਦੀ ਲਿਖੀ ਪੁਸਤਕ ‘ਉਜੜਦਾ ਪੰਜਾਬ’ ਅੱਜ ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਰਵਾਏ ਸਮਾਗਮ ਵਿੱਚ ਉੱਘੇ ਕਵੀ ਡਾ. ਸੁਰਜੀਤ ਸਿੰਘ ਪਾਤਰ ਨੇ ਮੁੱਖ ਮਹਿਮਾਨ ਵਜੋਂ ਜਦਕਿ ਰਘਬੀਰ ਸਿੰਘ ਸੋਹਲ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਕਾਰ ਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਮੱਕੜ, ਜਗਬੀਰ ਸਿੰਘ ਸੋਖੀ ਅਤੇ ਸੁਰਿੰਦਰ ਸਿੰਘ ਮਲਿਕ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਦਿਆਂ ਕਿਤਾਬ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।
ਪੁਸਤਕ ਵੱਖ ਵੱਖ ਸਮੇਂ ਦੌਰਾਨ ਅਖਬਾਰਾਂ ਵਿੱਚ ਛਪੇ ਲੇਖਾਂ ’ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਪਾਣੀਆਂ, ਵਿਦੇਸ਼ਾਂ ਨੂੰ ਭੱਜ ਰਹੀ ਨੌਜਵਾਨੀ ਅਤੇ ਕਿਸਾਨੀ ਮਸਲਿਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਹੁਣ ਤੋਂ ਹੀ ਸੁਚੇਤ ਹੋਣ ਦਾ ਹੋਕਾ ਦਿੱਤਾ ਗਿਆ ਹੈ। ਡਾ. ਪਾਤਰ ਨੇ ਕਿਹਾ ਕਿ ਲੇਖਕ ਸ੍ਰੀ ਢਿੱਲੋਂ ਨੇ ਅਜੋਕੇ ਸਮੇਂ ਦੀ ਨਬਜ਼ ਨੂੰ ਪਛਾਣ ਕੇ ਖੁੱਲ੍ਹ ਕੇ ਲਿਖਿਆ ਹੈ। ਉਨ੍ਹਾਂ ਦੀ ਵਿਲੱਖਣ ਲਿਖਣ ਕਲਾ ਸਦਕਾ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਉੱਘਾ ਸਥਾਨ ਤੇ ਯੋਗਦਾਨ ਹੈ। ਰਣਜੋਧ ਸਿੰਘ ਨੇ ਕਿਹਾ ਕਿ ਲੇਖਕ ਨੇ ਸਮਕਾਲੀ ਜੀਵਨ ਦੀਆਂ ਘਟਨਾਵਾਂ ਨੂੰ ਬਾਖ਼ੂਬੀ ਆਪਣੀ ਕਲਮ ਰਾਹੀਂ ਪੇਸ਼ ਕਰਕੇ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਭਾਵਨਾਂ ਨੂੰ ਸੌਖੇ ਰੂਪ ਵਿੱਚ ਪਾਠਕਾਂ ਸਾਹਮਣੇ ਲਿਆਂਦਾ ਹੈ। ਲੇਖਕ ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਉਕਤ ਮਸਲੇ ਦਿਨੋਂ ਦਿਨ ਗੰਭੀਰ ਹੁੰਦੇ ਜਾ ਰਹੇ ਹਨ ਜੇਕਰ ਹੁਣ ਵੀ ਅਸੀਂ ਨਾ ਸੰਭਲੇ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲਿਖਣਾ ਜਾਰੀ ਰੱਖਣਗੇ।