
ਪੇਂਡੂ ਮਜ਼ਦੂਰ ਯੂਨੀਅਨ ਦੀ ਇਕੱਤਰਤਾ ਵਿੱਚ ਸ਼ਾਮਲ ਮਹਿਲਾਵਾਂ ਤੇ ਹੋਰ ਕਾਰਕੁਨ।
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਫਰਵਰੀ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦਲਿਤ ਤੇ ਕਿਰਤੀ ਵਰਗ ਨੂੰ ਅਣਡਿੱਠ ਕਰਨ ਅਤੇ ਇਸ ਵਰਗ ਦੀ ਅਗਵਾਈ ਕਰਨ ਵਾਲੇ ਸਾਂਝੇ ਮਜ਼ਦੂਰ ਮੋਰਚੇ ਨੂੰ ਲਗਾਤਾਰ ਤਿੰਨ ਵਾਰ ਸੱਦ ਕੇ ਮੀਟਿੰਗ ਨਾ ਕਰਨ ਦਾ ਦੋਸ਼ ਲਾਉਂਦਿਆਂ ‘ਮੁੱਖ ਮੰਤਰੀ ਹਾਜ਼ਰ ਹੋ’ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੇ ਮੰਗਾਂ ਮਸਲੇ ਹੱਲ ਕਰਵਾਉਣ ਲਈ ਸੂਬੇ ਭਰ ਵਿੱਚ 9 ਤੋਂ 11 ਫਰਵਰੀ ਤੱਕ ਵਿਧਾਇਕਾਂ ਤੇ ਮੰਤਰੀਆਂ ਨੂੰ ਯਾਦ-ਪੱਤਰ ਦਿੱਤੇ ਜਾਣਗੇ। ਇਸੇ ਲੜੀ ਤਹਿਤ 11 ਫਰਵਰੀ ਨੂੰ ਜਗਰਾਉਂ ਵਿੱਚ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਰਿਹਾਇਸ਼ ਤੱਕ ਰੋਸ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਦੇ ਨਾਂ ਯਾਦ-ਪੱਤਰ ਦਿੱਤਾ ਜਾਵੇਗਾ। ਪ੍ਰੋਗਰਾਮ ਦੀ ਤਿਆਰੀ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ-ਪਿੰਡ ਮਜ਼ਦੂਰਾਂ ਦੇ ਮੁੱਹਲਿਆਂ ਵਿੱਚ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਜਥੇਬੰਦੀ ਵੱਲੋਂ ਅੱਜ ਜਗਰਾਉਂ ਸ਼ਹਿਰ ਦੇ ਅਗਵਾੜ ਰਾਣੀ ਵਾਲਾ ਖੂਹ ਅਤੇ ਅਗਵਾੜ ਲੋਪੋ-ਡਾਲਾ ਵਿਖੇ ਮਜ਼ਦੂਰਾਂ ਨੂੰ ਇਕੱਤਰ ਕਰਕੇ 11 ਫਰਵਰੀ ਦੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਮਜ਼ਦੂਰ ਪਰਿਵਾਰ ਦੀ ਅਤਿ-ਮਾੜੇ ਆਰਥਿਕ ਤੇ ਸਮਾਜਿਕ ਹਾਲਾਤ ਲੁਭਾਉਣੇ ਨਾਅਰਿਆਂ ਨਾਲ ਨਹੀਂ ਬਲਕਿ ਉਨ੍ਹਾਂ ਦੇ ਬੁਨਿਆਦੀ ਮੰਗਾਂ-ਮਸਲੇ ਹੱਲ ਕਰਨ ਨਾਲ ਹੀ ਸੁਧਾਰੇ ਜਾ ਸਕਦੇ ਹਨ। ਸਰਕਾਰ ਨੂੰ ਇਸ ਲਈ ਲੈਂਡ ਐਕਟ ਕਾਨੂੰਨ ਲਾਗੂ ਕਰਕੇ ਵਾਧੂ ਤੇ ਸਰਕਾਰੀ ਜ਼ਮੀਨ ਮਜ਼ਦੂਰ ਪਰਿਵਾਰਾਂ ’ਚ ਵੰਡਣੀ ਚਾਹੀਦੀ ਹੈ, ਮਨਰੇਗਾ ਦੀ ਦਿਹਾੜੀ 700 ਰੁਪਏ ਤੈਅ ਕਰਕੇ ਪੂਰੇ ਸਾਲ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲਾਲ ਲਕੀਰ ’ਚ ਵੱਸਦੇ ਪਰਿਵਾਰਾਂ ਨੂੰ ਮਾਲਕਾਨਾ ਹੱਕ ਬਹਾਲ ਕਰਨੇ ਚਾਹੀਦੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ