Death Anniversary: ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ’ਤੇ ਚਰਚਾ
ਪੰਜਾਬੀ ਫਿਲਮਾਂ ਦੇ ਹਾਸਰਸ ਕਲਾਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ), ਲੁਧਿਆਣਾ ਦੇ ਅਧਿਆਪਕ ਰਹੇ ਡਾ. ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ਸੰਗੀਆਂ-ਸਾਥੀਆਂ ਨੇ ਉਨ੍ਹਾਂ ਦੀ ਕਰਮ ਭੂਮੀ ਨੂੰ ਸਿਜਦਾ ਕਰ ਕੇ ਯਾਦ ਕੀਤਾ। ਪੀ ਏ ਯੂ ਵਿੱਚ ਹੋਈ...
ਪੰਜਾਬੀ ਫਿਲਮਾਂ ਦੇ ਹਾਸਰਸ ਕਲਾਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ), ਲੁਧਿਆਣਾ ਦੇ ਅਧਿਆਪਕ ਰਹੇ ਡਾ. ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ਸੰਗੀਆਂ-ਸਾਥੀਆਂ ਨੇ ਉਨ੍ਹਾਂ ਦੀ ਕਰਮ ਭੂਮੀ ਨੂੰ ਸਿਜਦਾ ਕਰ ਕੇ ਯਾਦ ਕੀਤਾ। ਪੀ ਏ ਯੂ ਵਿੱਚ ਹੋਈ ਯਾਦਗਾਰੀ ਬੈਠਕ ਵਿੱਚ ਆਸਟਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਭੱਲਾ ਦੇ ਨੇੜਲੇ ਸਾਥੀ ਪ੍ਰਭਜੋਤ ਸਿੰਘ ਸੰਧੂ ਨੇ ਭਾਵੁਕ ਹੁੰਦਿਆਂ ਆਖਿਆ ਕਿ ਜਸਵਿੰਦਰ ਭੱਲਾ ਇਸ ’ਵਰਸਿਟੀ ਦੇ ਨਾਲ-ਨਾਲ ਦੁਨੀਆਂ ਭਰ ਦੇ ਪੰਜਾਬੀਆਂ ਦਾ ਹਰਮਨ-ਪਿਆਰਾ ਕਲਾਕਾਰ ਸੀ। ਰੰਗਕਰਮੀ ਅਤੇ ਲੇਖਕ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ. ਭੱਲਾ ਜ਼ਿੰਦਗੀ ਦੇ ਸ਼ਾਹ ਅਸਵਾਰ ਸ਼ਖ਼ਸ ਸਨ ਜੋ ਬਿਹਤਰੀਨ ਕਲਾਕਾਰ ਹੋਣ ਦੇ ਨਾਲ-ਨਾਲ ਚੰਗੇ ਅਧਿਆਪਕ ਵੀ ਸਨ।
ਸ਼ਾਇਰ ਸਤੀਸ਼ ਗੁਲਾਟੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਡਾ. ਭੱਲਾ ਦੇ ਜੀਵਨ ਬਾਰੇ ਬਾਲ ਮੁਕੰਦ ਸ਼ਰਮਾ ਅਤੇ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਜਸਵਿੰਦਰ ਭੱਲਾ ਦੀ ਜੀਵਨ ਯਾਤਰਾ ਦੇ ਨਾਲ-ਨਾਲ ਉਨ੍ਹਾਂ ਦੇ ਮਿੱਤਰ ਪਿਆਰਿਆਂ ਦੇੇ ਪ੍ਰਭਾਵ ਵੀ ਦਰਜ ਕੀਤੇ ਗਏ ਹਨ। ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਮਿਸ ਵਰਲਡ ਪੰਜਾਬਣ ਪ੍ਰੋਗਰਾਮ ਵਿੱਚ ਡਾ. ਭੱਲਾ ਦਾ ਅਹਿਮ ਯੋਗਦਾਨ ਰਿਹਾ ਹੈ। ਸਿੱਖਿਆ ਸ਼ਾਸਤਰੀ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਵਿਰਕ ਨੇ ਕਿਹਾ ਜਸਵਿੰਦਰ ਭੱਲਾ ਦੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਅਧਿਆਪਨ ਨਾਲ ਜੁੜੇ ਹੋਣ ਕਰ ਕੇ ਉਨ੍ਹਾਂ ਨੂੰ ਘਰੋਂ ਹਮੇਸ਼ਾ ਚੰਗੀ ਸਿੱਖਿਆ ਮਿਲੀ।

