ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਵੱਲੋਂ ਸਕਾਲਰਸ਼ਿਪ ਯੋਜਨਾ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੇ ਅੱਜ ਇਥੇ ਅਕਾਦਮਿਕ ਵਰ੍ਹਾ 2025-26 ਲਈ 6 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਯੋਜਨਾ ਦਾ ਐਲਾਨ ਕੀਤਾ ਹੈ। ਇਸ ਵਜ਼ੀਫ਼ੇ ਦਾ ਮਕਸਦ ਪੰਜਾਬ ਵਿੱਚ ਮੇਰਿਟ-ਆਧਾਰਿਤ ਮੈਡੀਕਲ ਸਿੱਖਿਆ ਨੂੰ ਉਤਸ਼ਾਹਤ ਕਰਨਾ ਤੇ ਵਿਕਾਸ ਕਰਨਾ ਹੈ।
ਹਰਪਤਾਲ ਦੀ ਪ੍ਰਬੰਧਕੀ ਸੁਸਾਇਟੀ ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਪੰਜ ਦਰਜਨ ਤੋਂ ਵੱਧ ਤਰ੍ਹਾਂ ਦੇ ਵਜ਼ੀਫੇ ਦੇਵੇਗੀ। ਇਹ ਵਜੀਫੇ ਉਹਨਾਂ ਮੈਰਿਟ ’ਚ ਆਉਣ ਵਾਲੇ, ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹੱਕਦਾਰ ਵਿਦਿਆਰਥੀਆਂ ਲਈ ਹਨ ਜੋ ਐੱਮਬੀਬੀਐੱਸ, ਬੀਐੱਸਸੀ ਨਰਸਿੰਗ ਅਤੇ ਪੈਰਾਮੈਡੀਕਲ ਕੋਰਸ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਵਜ਼ੀਫੇ ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਵੀ ਹਨ।
ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੂੰਜਾਲ ਨੇ ਕਿਹਾ ਕਿ ਸਿੱਖਿਆ ਇੱਕ ਸ਼ਕਤੀਸ਼ਾਲੀ ਬਰਾਬਰੀ ਵਾਲਾ ਹਥਿਆਰ ਹੈ ਤੇ ਡੀਐੱਮਸੀ ਐਂਡ ਐੱਚ ਵਿੱਚ ਅਸੀਂ ਮੰਨਦੇ ਹਾਂ ਕਿ ਆਰਥਿਕ ਰੁਕਾਵਟਾਂ ਕਿਸੇ ਵੀ ਹੱਕਦਾਰ ਵਿਦਿਆਰਥੀ ਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਨਾ ਰੋਕਣ। ਸੁਸਾਇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਵਜੀਫੇ ਦਿੱਤੇ ਜਾ ਰਹੇ ਹਨ। ਐਮਬੀਬੀਐਸ ਦੇ ਇੱਛੂਕਾਂ ਲਈ, ਮੇਰਿਟ-ਅਧਾਰਤ ਸ਼੍ਰੇਣੀ ਅੰਦਰ ਪੰਜਾਬ ਐੱਨ55 ਦੇ ਟੌਪ 10 ਰੈਂਕ ਹੋਲਡਰਾਂ ਵਿੱਚੋਂ 3 ਵਿਦਿਆਰਥੀਆਂ ਨੂੰ ਹੋਸਟਲ ਫੀਸ ਸਮੇਤ ਪੂਰੀ ਕੋਰਸ ਦੀ ਸਕਾਲਰਸ਼ਿਪ ਮਿਲੇਗੀ ਅਤੇ ਰੈਂਕ 25 ਤੱਕ ਦੇ ਵਿਦਿਆਰਥੀਆਂ ਲਈ 5 ਹਿੱਸੇਦਾਰ ਸਕਾਲਰਸ਼ਿਪਾਂ ਮਿਲਣਗੀਆਂ। ਆਮਦਨ ਅਧਾਰਤ ਸ਼੍ਰੇਣੀ (12 ਸਕਾਲਰਸ਼ਿਪਾਂ) ਉਨ੍ਹਾਂ ਵਿਦਿਆਰਥੀਆਂ ਨੂੰ ਸਮਰਥਨ ਦੇਵੇਗੀ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਨਿਯਤ ਹੱਦ ਤੋਂ ਘੱਟ ਹੋਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਿੰ. ਡਾ. ਜੀਐਸ ਵਾਂਡਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।