ਸੀਵਰੇਜ ਦੀ ਸਮੱਸਿਆ ਤੋਂ ਅੱਕੇ ਡੇਅਰੀ ਮਾਲਕ ਸੜਕਾਂ ’ਤੇ ਉਤਰਨਗੇ
ਡੀ ਸੀ ਅਤੇ ਨਿਗਮ ਦਫ਼ਤਰ ਅੱਗੇ ਗੋਹੇ ਦੀਆਂ ਟਰਾਲੀਆਂ ਖੜ੍ਹਾ ਕੇ ਘਿਰਾਓ ਕਰਨ ਦੀ ਚਿਤਾਵਨੀ
ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਡੇਅਰੀ ਮਾਲਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਵੱਲੋਂ ਜਲਦੀ ਸਮੱਸਿਆ ਹੱਲ ਕਰਨ ਦੇ ਦਿੱਤੇ ਭਰੋਸੇ ਕਾਰਨ ਡੇਅਰੀ ਮਾਲਕਾਂ ਨੇ 20 ਮਈ ਨੂੰ ਲਾਇਆ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਸੀ ਪਰ ਅੱਠ ਦਿਨ ਬੀਤਣ ਦੇ ਬਾਵਜੂਦ ਕੋਈ ਸੁਧਾਰ ਨਾ ਹੋਣ ਕਾਰਨ ਅੱਕੇ ਡੇਅਰੀ ਮਾਲਕਾਂ ਨੇ ਅੱਜ ਕੰਪਲੈਕਸ ਵਿੱਚ ਮੀਟਿੰਗ ਕੀਤੀ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੇ ਐਤਵਾਰ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਸੋਮਵਾਰ ਨੂੰ ਉਹ ਆਪਣੇ ਪਸ਼ੂਆਂ ਗਾਵਾਂ, ਮੱਝਾਂ ਸਣੇ ਸੜਕਾਂ ’ਤੇ ਉਤਰ ਕੇ ਜਾਮ ਲਗਾਉਣਗੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਉੱਥੇ ਟਰਾਲੀਆਂ ਨਾਲ ਗੋਹਾ ਸੁੱਟਿਆ ਜਾਵੇਗਾ।
ਹੰਬੜਾਂ ਰੋਡ ਡੇਅਰੀ ਕੰਪਲੈਕਸ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਡੇਅਰੀਆਂ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਗੋਹਾ, ਗੰਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਕਾਰਨ ਹਾਲਾਤ ਨਰਕ ਵਰਗੇ ਬਣ ਚੁੱਕੇ ਹਨ। ਇਸ ਸਬੰਧੀ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਦੋਂ ਪਿਛਲੇ ਦਿਨੀਂ ਡੇਅਰੀ ਸੰਚਾਲਕਾਂ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਤਾਂ ਨਿਗਮ ਕਮਿਸ਼ਨਰ ਨੀਰੂ ਕੱਤਿਆਲ ਗੁਪਤਾ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਹੁਣ ਤੱਕ 5 ਫ਼ੀਸਦੀ ਕੰਮ ਵੀ ਸਿਰੇ ਨਹੀਂ ਚੜ੍ਹਿਆ ਅਤੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਬਦਤਰ ਹੋ ਗਏ ਹਨ। ਡੇਅਰੀ ਮਾਲਕਾਂ ਨੇ ਦੱਸਿਆ ਕਿ ਸੜਕਾਂ ਅਤੇ ਡੇਅਰੀਆਂ ਦੇ ਅੰਦਰ ਤੱਕ ਦੂਸ਼ਿਤ ਪਾਣੀ ਖੜ੍ਹਾ ਹੋਣ ਕਰ ਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇੱਥੋਂ ਲੰਘਣ ਵਾਲੇ ਸਥਾਨਕ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਬਦਬੂਦਾਰ ਮਾਹੌਲ ਅਤੇ ਗੰਦਗੀ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਪ੍ਰਧਾਨ ਲਾਹੌਰੀਆ ਨੇ ਸਪੱਸ਼ਟ ਕੀਤਾ ਕਿ ਹੁਣ ਡੇਅਰੀ ਮਾਲਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਜੇਕਰ ਐਤਵਾਰ ਤੱਕ ਨਿਗਮ ਨੇ ਸਫ਼ਾਈ ਅਤੇ ਸੀਵਰੇਜ ਦੀ ਵਿਵਸਥਾ ਦਰੁਸਤ ਨਾ ਕੀਤੀ ਤਾਂ ਸੋਮਵਾਰ ਨੂੰ ਹੰਬੜਾਂ ਰੋਡ ’ਤੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ ਜਾਵੇਗੀ।

