dairy complex problems: ਤਾਜਪੁਰ ਰੋਡ ’ਤੇ ਡੇਅਰੀਆਂ ਵਿੱਚ ਗੋਹੇ ਦੇ ਢੇਰ ਲੱਗੇ
ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਇੱਕ ਵਾਰ ਫਿਰ ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਅਤੇ ਗੋਹਾ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਡੇਅਰੀਆਂ ਵਿੱਚੋਂ ਗੋਹੇ ਦੇ ਚੁਕਾਈ ਨਹੀਂ ਹੋ ਰਹੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ...
ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਇੱਕ ਵਾਰ ਫਿਰ ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਅਤੇ ਗੋਹਾ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਡੇਅਰੀਆਂ ਵਿੱਚੋਂ ਗੋਹੇ ਦੇ ਚੁਕਾਈ ਨਹੀਂ ਹੋ ਰਹੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਡੇਅਰੀਆਂ ਦੀਆਂ ਗਲੀਆਂ ਵਿੱਚ ਗੋਹਾ ਹੋਣ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਉਧਰ, ਡੇਅਰੀ ਵਾਲਿਆਂ ਦਾ ਕਹਿਣਾ ਹੈ ਕਿ ਜੋ ਠੇਕੇਦਾਰ ਗੋਹਾ ਚੁੱਕਣ ਦਾ ਕੰਮ ਕਰ ਰਿਹਾ ਹੈ, ਉਸ ਦਾ ਕੰਮ ਲਗਾਤਾਰ ਨਹੀਂ ਹੁੰਦਾ ਜਿਸ ਕਰ ਕੇ ਡੇਅਰੀਆਂ ਵਿੱਚ ਗੋਹਾ ਇਕੱਠਾ ਹੋ ਰਿਹਾ ਹੈ। ਗੋਹੇ ਕਾਰਨ ਹੀ ਪਾਣੀ ਦੀ ਨਿਕਾਸੀ ਵੀ ਰੁਕ ਰਹੀ ਹੈ ਜਿਸ ਕਰ ਕੇ ਡੇਅਰੀਆਂ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਵੀ ਭਰਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਨਅਤੀ ਸ਼ਹਿਰ ਵਿੱਚ ਦੋ ਥਾਵਾਂ ਹੈਬੋਵਾਲ ਅਤੇ ਤਾਜਪੁਰ ਰੋਡ ’ਤੇ ਸਰਕਾਰ ਵੱਲੋਂ ਡੇਅਰੀ ਕੰਪਲੈਕਸ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਡੇਅਰੀਆਂ ਹਨ। ਦੋਵਾਂ ਹੀ ਪਾਸਿਓਂ ਗੋਹਾ ਚੁੱਕਣ ਲਈ ਨਗਰ ਨਿਗਮ ਵੱਲੋਂ ਠੇਕੇਦਾਰ ਲਾਇਆ ਗਿਆ ਹੈ। ਉਹ ਰੋਜ਼ਾਨਾ ਗੋਹਾ ਚੁੱਕ ਕੇ ਨਗਰ ਨਿਗਮ ਵੱਲੋਂ ਜਾਰੀ ਕੀਤੀ ਥਾਂ ’ਤੇ ਸੁੱਟਦਾ ਹੈ। ਇਹ ਸਭ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਸ਼ੁਰੂ ਕੀਤੇ ਪ੍ਰਾਜੈਕਟ ਤਹਿਤ ਕੀਤਾ ਗਿਆ ਸੀ। ਪਰ ਹੁਣ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ, ਉਵੇਂ ਠੇਕੇਦਾਰ ਵੱਲੋਂ ਕੰਮ ਵਿੱਚ ਕਥਿਤ ਢਿੱਲ ਵਰਤੀ ਜਾ ਰਹੀ ਹੈ। ਇਸ ਕਾਰਨ ਬੁੱਢੇ ਦਰਿਆ ਵਿੱਚ ਪਾਣੀ ਨਹੀਂ ਜਾ ਰਿਹਾ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਪਾਣੀ ਨਾਲ ਭਰ ਗਿਆ ਹੈ।
ਤਾਜਪੁਰ ਰੋਡ ਡੇਅਰੀ ਕੰਪਲੈਕਸ ਤੋਂ ਰੋਜ਼ਾਨਾ ਲੰਘਣ ਵਾਲੇ ਦੀਪਕ ਵਰਮਾ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਰ ਡੇਅਰੀਆਂ ਦੀਆਂ ਗਲੀਆਂ ਵਿੱਚ ਗੋਹਾ ਖਿਲਰਿਆ ਪਿਆ ਹੈ। ਹਾਲਾਤ ਇਹ ਹਨ ਕਿ ਬਦਬੂ ਦੇ ਨਾਲ-ਨਾਲ ਇੱਥੇ ਮੱਛਰ ਪੈਦਾ ਹੋਣ ਵਾਲੇ ਹਾਲਾਤ ਬਣ ਗਏ ਹਨ। ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ। ਪਿਛਲੇ ਸਮੇਂ ਦੌਰਾਨ ਵੀ ਜਦੋਂ ਡੇਅਰੀਆਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪਾਉਣਾ ਬੰਦ ਕੀਤਾ ਗਿਆ ਸੀ, ਉਦੋਂ ਵੀ ਇੱਥੇ ਇਹੀ ਹਾਲਾਤ ਬਣੇ ਸਨ।
ਉਧਰ, ਡੇਅਰੀ ਕੰਪਲੈਕਸ ਐਸੋਏਸ਼ੀਏਨ ਦੇ ਮੈਂਬਰਾਂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ, ਜਿਸ ਦੇ ਜਲਦ ਹੱਲ ਲਈ ਕਿਹਾ ਗਿਆ ਹੈ। ਇਸ ਇਲਾਕੇ ਵਿੱਚ ਵੋਟ ਬੈਂਕ ਘੱਟ ਹੋਣ ਕਾਰਨ ਸਿਆਸੀ ਆਗੂ ਤੇ ਮੁਲਾਜ਼ਮ ਦੋਵੇਂ ਹੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।

