cyber security: ਡਿਜੀਟਲ ਯੁੱਗ ’ਚ ਸਾਈਬਰ ਸੁਰੱਖਿਆ ਅਤਿ ਲੋੜੀਂਦੀ ਕਰਾਰ
ਵੈਟਰਨਰੀ ਯੂਨੀਵਰਸਿਟੀ ’ਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ‘ਐਕਟ ਹਿਊਮਨ ਸੁਸਾਇਟੀ’ ਦੇ ਸਹਿਯੋਗ ਨਾਲ ਸਾਈਬਰ ਅਪਰਾਧ ਅਤੇ ਡਿਜੀਟਲ ਸੁਰੱਖਿਆ ਦੀਆਂ ਵਧਦੀਆਂ ਚੁਣੌਤੀਆਂ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਅਤਿ ਲੋੜੀਂਦੀ ਹੈ ਕਿਉਂਕਿ ਉੱਚ ਸਿੱਖਿਆ ਪ੍ਰਾਪਤ ਅਤੇ ਗਿਆਨਵਾਨ ਲੋਕ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਐਕਟ ਹਿਊਮਨ ਸ[ਸਾਇਟੀ ਵੱਲੋਂ ਸਰੀਰਕ ਸਮੱਸਿਆਵਾਂ, ਵਾਤਾਵਰਨ ਸੁਰੱਖਿਆ, ਪੇਸ਼ੇਵਰ ਗਿਆਨ, ਡਾਕਟਰੀ ਸਹਾਇਤਾ ਅਤੇ ਕੈਂਸਰ ਵਰਗੀ ਬਿਮਾਰੀ ਦੀਆਂ ਚੁਣੌਤੀਆਂ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਬਾਰੇ ਚਾਨਣਾ ਪਾਇਆ।
ਕੁੰਜੀਵਤ ਬੁਲਾਰੇ ਅਤੇ ਸਾਈਬਰ ਅਕੈਡਮੀ ਦੇ ਸੰਸਥਾਪਕ ਤਰੁਣ ਮਲਹੋਤਰਾ ਨੇ ਸਾਈਬਰ ਜਾਗਰੂਕਤਾ ’ਤੇ ਗੱਲ ਕਰਦਿਆਂ ਸਾਈਬਰ ਧੋਖਾਧੜੀ ਨਾਲ ਵਧ ਰਹੇ ਖ਼ਤਰਿਆਂ ਬਾਰੇ ਦੱਸਿਆ ਅਤੇ ਡਾਟਾ ਸੁਰੱਖਿਆ ਤੇ ਆਨਲਾਈਨ ਠੱਗੀਆਂ ਤੋਂ ਬਚਾਅ ਬਾਰੇ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਸੁਰੱਖਿਅਤ ਪਾਸਵਰਡ ਅਤੇ ਠੱਗੀ ਦੀਆਂ ਕੋਸ਼ਿਸ਼ਾਂ ਦੇ ਢੰਗ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਸੁਸਾਇਟੀ ਦੀ ਸੰਸਥਾਪਤ ਹਰਲੀਨ ਕੌਰ ਨੇ ਇਸ ਸੁਸਾਇਟੀ ਵੱਲੋਂ ਸਮਾਜਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਾਂਝਾ ਕੀਤਾ। ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਇਸ ਚਰਚਾ ਦਾ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਡਾ. ਵਰਿੰਦਰ ਉੱਪਲ ਨੇ ਧੰਨਵਾਦ ਦਾ ਮਤਾ ਸਾਂਝਾ ਕੀਤਾ। ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਡਾ. ਰਾਮ ਸਰਨ ਸੇਠੀ ਨੇ ਸੈਸ਼ਨ ਨੂੰ ਜਾਣਕਾਰੀ ਭਰਪੂਰ ਢੁੱਕਵਾਂ ਅਤੇ ਸਮੇਂ ਦੇ ਹਾਣ ਦਾ ਦੱਸਿਆ। ਇਸ ਮੌਕੇ ਵੱਖ ਵੱਖ ਕਾਲਜਾਂ ਦੇ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਡਾ. ਰਾਜੇਸ਼ ਕਸਰੀਜਾ, ਡਾ. ਚੰਦਰ ਸ਼ੇਖਰ ਮੁਖੋਪਾਧਿਆਇ, ਡਾ. ਨਰਿੰਦਰ ਕੁਮਾਰ, ਡਾ. ਵਿਸ਼ਾਲ ਸ਼ਰਮਾ ਅਤੇ ਡਾ. ਸੱਯਦ ਹਸਨ ਵੀ ਮੌਜੂਦ ਸਨ।

