ਨਗਰ ਨਿਗਮ ਦੇ ਕਮਿਸ਼ਨਰ ਓਜਸਵੀ ਤੇ ਮੁੱਖ ਪ੍ਰਸ਼ਾਸਕ ਗਲਾਡਾ ਵਿਕਾਸ ਹੀਰਾ ਦੀ ਅਗਵਾਈ ਹੇਠ ਕੀਤੀ ਕਾਰਵਾਈ ਤਹਿਤ ਬੀਤੇ ਦਿਨੀਂ ਦੁਗਰੀ ਇਲਾਕੇ ਵਿੱਚੋਂ ਸੜਕਾਂ ’ਤੇ ਲੱਗੀਆਂ ਰੇਹੜੀਆਂ/ਸਟਾਲਾਂ ਨੂੰ ਮੌਕੇ ’ਤੇ ਹਟਾਇਆ ਗਿਆ ਸੀ।
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਸੜਕਾਂ ਦੇ ਕਿਨਾਰਿਆਂ ’ਤੇ ਨਜਾਇਜ਼ ਕਬਜ਼ੇ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਪਹਿਲਾਂ ਵਾਂਗ ਹੀ ਸੜਕਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਰੇਹੜੀਆਂ ਫੜ੍ਹੀਆਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਨਗਰ ਨਿਗਮ ਅਤੇ ਗਲਾਡਾ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੜਕਾਂ ਦੇ ਕਿਨਾਰੇ ਨਾਜਾਇਜ਼ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ ਸੀ ਪਰ ਅੱਜ ਐਤਵਾਰ ਵੀ ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਆਮ ਦਿਨਾਂ ਦੀ ਤਰ੍ਹਾਂ ਰੇਹੜੀਆਂ-ਫੜ੍ਹੀਆਂ ਲੱਗੀਆਂ ਹੋਈਆਂ ਸਨ। ਇੱਥੋਂ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਦਾਲ ਬਾਜ਼ਾਰ, ਦਰੇਸੀ ਰੋਡ, ਲੱਕੜ ਬਾਜ਼ਾਰ, ਸੀ ਐੱਮ ਸੀ ਚੌਕ, ਸ਼ਿੰਗਾਰ ਸਿਨੇਮਾ ਰੋਡ, ਬਾਬਾ ਥਾਨ ਸਿੰਘ ਚੌਕ, ਚੰਡੀਗੜ੍ਹ ਰੋਡ, ਗੁਰੂ ਅਰਜਨ ਦੇਵ ਨਗਰ, ਤਾਜਪੁਰ ਰੋਡ, ਟਿੱਬਾ ਰੋਡ, ਡਵੀਜ਼ਨ ਨੰਬਰ ਤਿੰਨ, ਗਊਸ਼ਾਲਾ ਰੋਡ, ਘੰਟਾ ਘਰ, ਰੇਲਵੇ ਸਟੇਸ਼ਨ ਰੋਡ, ਫੀਲਡ ਗੰਜ ਤੇ ਘੁਮਾਰ ਮੰਡੀ ਇਲਾਕਿਆਂ ਵਿੱਚ ਰੇਹੜੀਆਂ, ਫੜ੍ਹੀਆਂ ਰਾਹੀਂ ਨਾਜਾਇਜ਼ ਕਬਜ਼ੇ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਬਹੁਤੀ ਥਾਈਂ ਸਮੇਂ-ਸਮੇਂ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਰਹਿੰਦੀ ਹੈ ਪਰ ਪ੍ਰਸ਼ਾਸਨ ਦੀ ਟੀਮ ਜਾਣ ਤੋਂ ਬਾਅਦ ਰੇਹੜੀਆਂ/ਫੜੀਆਂ ਮੁੜ ਲਗਾ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਰ ਕੇ ਲੁਧਿਆਣਾ ਵਿੱਚ ਟਰੈਫਿਕ ਸਮੱਸਿਆ ਗੰਭੀਰ ਹੋਣੀ ਸ਼ੁਰੂ ਹੋ ਗਈ ਹੈ।

