ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਲਗਵਾਉਣ ਦੇ ਨਾਂ ’ਤੇ ਕਰੋੜ ਦੀ ਠੱਗੀ
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਸਬੰਧ ਹੋਣ ਦਾ ਦਾਅਵਾ ਕਰਦੇ ਹੋਏ ਭਾਈ ਰਣਧੀਰ ਸਿੰਘ ਨਗਰ ਦੇ ਪਿਤਾ ਅਤੇ ਪੁੱਤਰ ਨੇ ਕਾਰੋਬਾਰੀ ਨਾਲ ਇੱਕ ਕਰੋੜ ਰੁਪਏ ਦੀ ਠੱਗੀ ਮਾਰੀ। ਮੁਲਜ਼ਮਾਂ ਨੇ ਉਸ ਨੂੰ ਆਪਣੇ ਸਬੰਧ ਉੱਚ ਆਗੂਆਂ ਨਾਲ ਹੋਣ...
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਸਬੰਧ ਹੋਣ ਦਾ ਦਾਅਵਾ ਕਰਦੇ ਹੋਏ ਭਾਈ ਰਣਧੀਰ ਸਿੰਘ ਨਗਰ ਦੇ ਪਿਤਾ ਅਤੇ ਪੁੱਤਰ ਨੇ ਕਾਰੋਬਾਰੀ ਨਾਲ ਇੱਕ ਕਰੋੜ ਰੁਪਏ ਦੀ ਠੱਗੀ ਮਾਰੀ। ਮੁਲਜ਼ਮਾਂ ਨੇ ਉਸ ਨੂੰ ਆਪਣੇ ਸਬੰਧ ਉੱਚ ਆਗੂਆਂ ਨਾਲ ਹੋਣ ਦੀ ਗੱਲ ਆਖੀ ਤੇ ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਮੈਂਬਰ ਨਿਯੁਕਤ ਕਰਨ ਦਾ ਵਾਅਦਾ ਕੀਤਾ। ਪੀੜਤ ਨੇ ਬਿਨਾਂ ਝਿੱਜਕ ਪੈਸੇ ਦੇ ਦਿੱਤੇ। ਜਦੋਂ ਮੁਲਜ਼ਮ ਕੰਮ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਤਾਂ ਮਾਡਲ ਟਾਊਨ ਐਕਸਟੈਂਸ਼ਨ ਦੇ ਬਲਾਕ-ਬੀ ਦੇ ਵਾਸੀ ਨਰਿੰਦਰ ਸਿੰਘ ਬਾਵਾ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਪੁਲੀਸ ਜਾਂਚ ਤੋਂ ਬਾਅਦ ਪੁਲੀਸ ਥਾਣਾ ਸਰਾਭਾ ਨਗਰ ਵਿੱਚ ਭਾਈ ਰਣਧੀਰ ਸਿੰਘ ਨਗਰ ਵਾਸੀ ਨਵਦੀਪ ਸਿੰਘ ਸੋਹਲ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਸੋਹਲ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲੀਸ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਰਹੀ ਹੈ।
ਕਾਰੋਬਾਰੀ ਨਰਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਜ਼ਮਾਂ ਨਾਲ ਨੇੜਲੇ ਸਬੰਧ ਸਨ। ਮੁਲਜ਼ਮਾਂ ਨੇ ਉਸ ਨੂੰ ਦੱਸਿਆ ਸੀ ਕਿ ਮੌਜੂਦਾ ਸਰਕਾਰ ਵਿੱਚ ਉਨ੍ਹਾਂ ਦਾ ਕਾਫ਼ੀ ਰੁਤਬਾ ਹੈ। ਉਨ੍ਹਾਂ ਨੇ ਕਈ ਸਿਆਸਤਦਾਨਾਂ ਨਾਲ ਆਪਣੀਆਂ ਤਸਵੀਰਾਂ ਵੀ ਦਿਖਾਈਆਂ। ਮੁਲਜ਼ਮਾਂ ਨੇ ਨਰਿੰਦਰ ਬਾਵਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕਰਨ ਦਾ ਝਾਂਸਾ ਦਿੱਤਾ। ਇਸ ਲਈ ਮੁਲਜ਼ਮਾਂ ਨੇ ਇੱਕ ਕਰੋੜ ਰੁਪਏ ਲੈ ਲਏ। ਪੈਸੇ ਲੇਣ ਤੋਂ ਬਾਅਦ ਮੁਲਜ਼ਮ ਉਸ ਨਾਲ ਟਾਲ ਮਟੋਲ ਕਰਦੇ ਰਹੇ। ਜਦੋਂ ਵੀ ਉਹ ਮੈਂਬਰ ਬਣਾਉਣ ਦੀ ਗੱਲ ਕਰਦਾ ਸੀ ਤਾਂ ਉਸ ਟਾਲ ਦਿੰਦੇ ਸਨ। ਇਸ ਤੋਂ ਬਾਅਦ ਉਸ ਨੇ ਇਹ ਸਾਰੀ ਜਾਣਕਾਰੀ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਦਿੱਤੀ। ਇਸ ਮਗਰੋਂ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਖਿ਼ਲਾਫ਼ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

