
ਘਰ ’ਚ ਆਈਆਂ ਤਰੇੜਾਂ ਦਿਖਾਉਂਦਾ ਹੋਇਆ ਇੱਕ ਮੁਹੱਲਾ ਵਾਸੀ।
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਮਾਰਚ
ਇਥੋਂ ਦੇ ਕ੍ਰਿਸ਼ਨਾਪੁਰੀ ਮੁਹੱਲੇ ਵਿੱਚ ਤਕਰੀਬਨ ਇੱਕ ਦਰਜਨ ਤੋਂ ਵੱਧ ਮਕਾਨਾਂ ਦੇ ਫਰਸ਼ ਧਸਣ ਕਾਰਨ ਤਰੇੜਾਂ ਪੈ ਗਈਆਂ ਹਨ ਜਿਸ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਪੱਤਰਕਾਰ ਨੇ ਅੱਜ ਜਦੋਂ ਮਾਛੀਵਾੜਾ ਦੇ ਕ੍ਰਿਸ਼ਨਾਪੁਰੀ ਮੁਹੱਲੇ ਦਾ ਦੌਰਾ ਕੀਤਾ ਤਾਂ ਕਰੀਬ 15 ਮਕਾਨਾਂ ਦੀਆਂ ਕੰਧਾਂ ਵਿੱਚ ਤਰੇੜਾਂ ਸਾਫ਼ ਦਿਖਾਈ ਦਿੱਤੀਆਂ। ਇਨ੍ਹਾਂ ਮਕਾਨਾਂ ਦੇ ਫਰਸ਼ ਵੀ ਕਈ ਥਾਵਾਂ ਤੋਂ ਧਸੇ ਹੋਏ ਹਨ। ਨੁਕਸਾਨੇ ਗਏ ਮਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦੇ ਮਕਾਨਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਰਹੀਆਂ ਹਨ। ਉਨ੍ਹਾਂ ਵੱਲੋਂ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਵਾਰ ਵਾਰ ਦੱਸੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਸਥਾਨਕ ਬਾਸ਼ਿੰਦੇ ਕਈ ਵਾਰ ਮਕਾਨਾਂ ਦੀ ਮੁਰੰਮਤ ਕਰਵਾ ਚੁੱਕੇ ਹਨ, ਪਰ ਮੁੜ ਇਹ ਤਰੇੜਾਂ ਹੋਰ ਡੂੰਘੀਆਂ ਹੋ ਜਾਂਦੀਆਂ ਹਨ। ਇਸ ਮੁਹੱਲੇ ਦੇ ਕਈ ਮਕਾਨਾਂ ਦੇ ਫਰਸ਼ ਉੱਚੇ-ਨੀਵੇਂ ਹੋ ਗਏ ਹਨ ਤੇ ਜ਼ਮੀਨ ਹੇਠ ਡੂੰਘੇ ਟੋਏ ਪਏ ਹੋਏ ਹਨ। ਪੀੜਤ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਾਲ ਪਹਿਲਾਂ ਨਗਰ ਕੌਂਸਲ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਸੀਵਰੇਜ ਦੀ ਮੁਰੰਮਤ ਤਾਂ ਕਰ ਦਿੱਤੀ ਗਈ, ਪਰ ਮਕਾਨਾਂ ਵਿੱਚ ਤਰੇੜਾਂ ਆਉਣ ਤੇ ਜ਼ਮੀਨ ਧਸਣ ਦੀ ਸਮੱਸਿਆ ਹੱਲ ਨਹੀਂ ਹੋਈ। ਇਸ ਮੁਹੱਲੇ ਦੀ ਸੜਕ ਵੀ ਕਈ ਥਾਵਾਂ ਤੋਂ ਧਸ ਚੁੱਕੀ ਹੈ। ਸਥਾਨਕ ਲੋਕਾਂ ਨੇ ਖਦਸ਼ਾ ਜਤਾਇਆ ਕਿ ਸੀਵਰੇਜ ਦੀ ਖਸਤਾ ਹਾਲਤ ਕਰਕੇ ਪਾਣੀ ਰਿਸ ਰਿਹਾ ਹੈ, ਜਿਸ ਕਰਕੇ ਜ਼ਮੀਨ ਧਸਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਲੱਗੇ ਜਨਤਕ ਦਰਬਾਰ ਦੌਰਾਨ ਏਡੀਸੀ ਅਨੀਤਾ ਦਰਸ਼ੀ ਨੂੰ ਵੀ ਇਸ ਸਮੱਸਿਆ ਬਾਰੇ ਦੱਸਿਆ ਗਿਆ, ਪਰ ਹਾਲੇ ਵੀ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਨਗਰ ਕੌਂਸਲ ਦੇ ਜਨਰਲ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਸ਼ਨਾਪੁਰੀ ਮੁਹੱਲੇ ਦੇ ਮਕਾਨਾਂ ਵਿੱਚ ਆ ਰਹੀਆਂ ਤਰੇੜਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਕੌਂਸਲ ਵੱਲੋਂ ਸੀਵਰੇਜ ਦੀ ਮੁਰੰਮਤ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਤਾਂ ਉਹ ਦੁਬਾਰਾ ਮੌਕਾ ਦੇਖ ਕੇ ਇਸ ਸਮੱਸਿਆ ਦਾ ਹੱਲ ਕੱਢਣਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ