CPI Protest: ਸੀ ਪੀ ਆਈ ਵੱਲੋਂ ਚੋਣ ਕਮਿਸ਼ਨਰ ਖ਼ਿਲਾਫ਼ ਮੁਜ਼ਾਹਰਾ
ਚੋਣ ਕਮਿਸ਼ਨਰ ਦਾ ਅਸਤੀਫ਼ਾ ਮੰਗਿਆ; ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਐੱਸ ਆਈ ਆਰ ਤਹਿਤ 13 ਕਰੋੜ ਤੋਂ ਵੱਧ ਵੋਟਾਂ ਕੱਟਣ ਦੀ ਕੀਤੀ ਧਾਂਦਲੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਨਾਅਰੇ ਲਿਖੇ ਮਾਟੋ ਲੈ ਕੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਵੋਟਾਂ ਵਿੱਚ ਹੇਰਾ ਫੇਰੀ ਕਰਨ ਲਈ ਅਤੇ ਖ਼ਾਸ ਤੌਰ ਤੇ ਘੱਟ ਗਿਣਤੀ ਦੀਆਂ ਵੋਟਾਂ ਕੱਟਣ ਲਈ ਜੋ ਐੱਸ ਆਈ ਆਰ ਕੀਤੀ ਗਈ ਹੈ ਉਸ ਨਾਲ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ, ਜੋ ਲੋਕਤੰਤਰ ’ਤੇ ਗੰਭੀਰ ਹਮਲਾ ਹੈ। ਦੂਜੇ ਦੋ ਚੋਣ ਕਮਿਸ਼ਨਰਾਂ ਵੱਲੋਂ ਕਿੰਤੂ ਕਰਨ ਦੇ ਬਾਵਜੂਦ ਗਿਆਨੇਸ਼ ਕੁਮਾਰ ਨੇ ਕਈ ਮਹੀਨਿਆਂ ਤੋਂ ਚੋਣ ਕਮਿਸ਼ਨ ਦੀ ਮੀਟਿੰਗ ਕੀਤੇ ਬਿਨਾਂ ਹੀ ਅਜਿਹੇ ਗੈਰ ਸੰਵਿਧਾਨਕ ਫ਼ੈਸਲੇ ਕੀਤੇ।
ਇਸ ਮੌਕੇ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਜਿਸ ਢੰਗ ਨਾਲ ਦੇਸ਼ ‘ਚ ਵੱਖ-ਵੱਖ ਅੰਦੋਲਨ ਚੱਲ ਰਹੇ ਹਨ ਉਸ ਤੋਂ ਘਬਰਾ ਕੇ ਸਰਕਾਰ ਨੂੰ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਆਪਣੇ ਆਪ ਫ਼ੈਸਲੇ ਨਹੀਂ ਕਰ ਰਿਹਾ ਬਲਕਿ ਮੋਦੀ ਅਤੇ ਸ਼ਾਹ ਦੇ ਕਹਿਣ ’ਤੇ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਬਲਾਕ ਸਕੱਤਰ ਨੇ ਕਿਹਾ ਕਿ ਉਹ ਬਲਾਕ ਵਿੱਚ ਥਾਂ ਪਰ ਥਾਂ ਤੇ ਇਸ ਕਿਸਮ ਦੀਆਂ ਮੀਟਿੰਗਾਂ ਤੇ ਪ੍ਰਦਰਸ਼ਨ ਜਥੇਬੰਦ ਕਰਨਗੇ ਤੇ 8 ਅਕਤੂਬਰ ਨੂੰ ਲੁਧਿਆਣਾ ਵਿੱੱਚ ਹੋਣ ਵਾਲੇ ਮੁਜ਼ਾਹਰੇ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਸੌਦਾਗਰ ਸਿੰਘ ਸਹਾਰਨ ਮਾਜਰਾ ਪ੍ਰਧਾਨ, ਹਰਬੰਸ ਸਿੰਘ ਰੱਬੋ ਕਲਾਂ, ਸੌਦਾਗਰ ਸਿੰਘ, ਗੁਰਪ੍ਰੀਤ ਸਿੰਘ ਪੰਧੇਰ ਖੇੜੀ, ਭੁਪਿੰਦਰ ਸਿੰਘ ਸਕੱਤਰ, ਇੰਦਰਜੀਤ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਚਰਨਜੀਤ ਸਿੰਘ ਲੰਬਰਦਾਰ, ਜਸਵੀਰ ਸਿੰਘ, ਗੁਰਨਾਮ ਸਿੰਘ, ਬਲਬੀਰ ਸਿੰਘ ਨੇ ਸੰਬੋਧਨ ਕੀਤਾ।

