ਨਿਗਮ ਮੀਟਿੰਗ: ਵਿਧਾਇਕ ਤੇ ਕੌਂਸਲਰ ਖਹਿਬੜੇ : The Tribune India

ਨਿਗਮ ਮੀਟਿੰਗ: ਵਿਧਾਇਕ ਤੇ ਕੌਂਸਲਰ ਖਹਿਬੜੇ

ਸਰਕਾਰ ਵੱਲੋਂ ਕੋਈ ਫੰਡ ਨਾ ਆਉਣ ’ਤੇ ਕੌਂਸਲਰਾਂ ਨੇ ‘ਆਪ’ ਦੇ ਵਿਧਾਇਕਾਂ ਨੂੰ ਘੇਰਿਆ

ਨਿਗਮ ਮੀਟਿੰਗ: ਵਿਧਾਇਕ ਤੇ ਕੌਂਸਲਰ ਖਹਿਬੜੇ

ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵਿਧਾਇਕ ਤੇ ਕੌਂਸਲਰ ਇੱਕ ਦੂਜੇ ਨਾਲ ਖਹਿਬੜਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ

ਗੁਰਿੰਦਰ ਸਿੰਘ

ਲੁਧਿਆਣਾ, 4 ਅਕਤੂਬਰ

ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨਾਲ ਤਿੱਖੀਆਂ ਝੜਪਾਂ ਹੋਈਆਂ। ਸਰਕਾਰ ਵੱਲੋਂ ਨਗਰ ਨਿਗਮ ਦੇ ਵਿਕਾਸ ਲਈ ਕੋਈ ਵੀ ਫੰਡ ਨਾ ਮਿਲਣ ’ਤੇ ਵਿਧਾਇਕਾਂ ਨੂੰ ਕੌਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਚੌਧਰੀ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ ਅਤੇ ਬੀਬੀ ਰਾਜਿੰਦਰ ਕੌਰ ਛੀਨਾ ਨੂੰ ਵਾਰ-ਵਾਰ ਕੌਂਸਲਰਾਂ ਨੂੰ ਭਰੋਸਾ ਦੇਣਾ ਪਿਆ ਕਿ ਸਰਕਾਰ ਸ਼ਹਿਰ ਦੇ ਵਿਕਾਸ ਲਈ ਨਿਗਮ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦੇਵੇਗੀ। ਗੁਰੂ ਨਾਨਕ ਦੇਵ ਭਵਨ ਵਿੱੱਚ ਸਵੇਰੇ 11-15 ਵਜੇ ਦੇ ਕਰੀਬ ਸ਼ੁਰੂ ਹੋਈ ਮੀਟਿੰਗ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਕਈ ਘੰਟੇ ਚੱਲੀ ਮੀਟਿੰਗ ਦਾ ਬਹੁਤਾ ਸਮਾਂ ਆਪਸੀ ਦੂਸ਼ਣਬਾਜ਼ੀ ਤੇ ਬਹਿਸਬਾਜ਼ੀ ਵਿੱਚ ਹੀ ਖਰਾਬ ਹੋਇਆ। ਮੀਟਿੰਗ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ ਦਾ ਵਤੀਰਾ ਵੀ ਆਪ ਵਿਧਾਇਕਾਂ ਪ੍ਰਤੀ ਨਰਮੀ ਵਾਲਾ ਸੀ ਅਤੇ ਉਹ ਹੱਥ ਜੋੜ ਕੇ ਵਿਧਾਇਕਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਲਿਆਉਣ ਬਾਰੇ ਮਿੰਨਤ ਕਰ ਰਹੇ ਸਨ।

ਮੀਟਿੰਗ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਅਕਾਲੀ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਇੰਡਸਟ੍ਰੀਅਲ ਏਰੀਏ ਵਿੱਚ ਟੁੱਟੀਆਂ ਹੋਈਆਂ ਸੜਕਾਂ ਅਤੇ ਜੀਵਨ ਨਗਰ ਵਿੱਚ ਦੋ ਮਹੀਨੇ ਪਹਿਲਾਂ ਬਣੀਆਂ ਸੜਕਾਂ ਦੇ ਟੁੱਟਣ ਦਾ ਮੁੱਦਾ ਉਠਾਇਆ। ਉਨ੍ਹਾਂ ਢੰਡਾਰੀ ਕਲਾਂ ਪੁਲ ਦੀ ਖਸਤਾ ਹਾਲਤ ਦਾ ਮੁੱਦਾ ਚੁੱਕਦਿਆਂ ਦੱਸਿਆ ਕਿ ਇਸ ਪੁਲ ਦੀ ਮਾੜੀ ਹਾਲਤ ਕਾਰਨ ਇੰਡਸਟਰੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ‘ਤੇ ਵੀ ਸਵਾਲ ਖੜ੍ਹਾ ਕੀਤਾ ਕਿ ਸਰਕਾਰ ਦਾ ਗਠਨ ਹੋਏ ਨੂੰ ਛੇ ਮਹੀਨੇ ਹੋ ਗਏ ਹਨ ਪਰ ਹੁਣ ਤੱਕ ਨਗਰ ਨਿਗਮ ਨੂੰ ਕੋਈ ਵੀ ਫੰਡ ਨਹੀਂ ਦਿੱਤਾ ਗਿਆ।

ਇਸ ਦੌਰਾਨ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਟ੍ਰੈਫਿਕ, ਪ੍ਰਦੂਸ਼ਣ, ਗੰਦਗੀ, ਬਰਸਾਤੀ ਪਾਣੀ, ਆਵਾਰਾ ਕੁੱਤਿਆਂ ਦੀ ਸਮੱਸਿਆਂ ਤੋਂ ਇਲਾਵਾ ਹੋਰ ਵੱਖ-ਵੱਖ ਔਕੜਾਂ ਦਾ ਹੱਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਸਦਕਾ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਅਤੇ ਸਕੂਲੀ ਬੱਚੇ ਕਾਫੀ ਪ੍ਰੇਸ਼ਾਨ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਮਾਈਨਿੰਗ ਬੰਦ ਹੋਣ ਕਰਕੇ ਵਿਕਾਸ ਕਾਰਜਾਂ ਦੀ ਚਾਲ ਮੱਧਮ ਪੈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਗਮ ਦੀ ਹਦੂਦ ਅੰਦਰ ਸੜ੍ਹਕਾਂ ‘ਤੇ ਪਏ ਟੋਏ ਜੋ ਅਕਸਰ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ, ਦੀ ਮੁਰੰਮਤ ਕੀਤੀ ਜਾਵੇਗੀ ਅਤੇ ਸਾਰੀਆਂ ਸੜਕਾਂ ਬਣਾਈਆਂ ਜਾਣਗੀਆਂ।

ਮੀਟਿੰਗ ਵਿੱਚ ਕਮਿਸ਼ਨਰ ਦੇ ਦੇਰੀ ਨਾਲ ਪੁੱਜਣ ’ਤੇ ਹੋਇਆ ਹੰਗਾਮਾ 

ਮੀਟਿੰਗ ਦੌਰਾਨ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਦੇਰੀ ਨਾਲ ਪਹੁੰਚਣ ਨਾਲ ਕੁਝ ਕੌਂਸਲਰਾਂ ਵੱਲੋਂ  ਨੁਕਤਾਚੀਨੀ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਦਾ ਸਮਾਂ ਗਿਆਰਾਂ ਵਜੇ ਮਿਥਿਆ ਗਿਆ ਸੀ ਪਰ ਕਮਿਸ਼ਨਰ ਸਵਾ ਗਿਆਰਾਂ ਵਜੇ ਮੀਟਿੰਗ ਵਿੱਚ ਪਹੁੰਚੀ। ਇਸ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਇਹ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਕਮਿਸ਼ਨਰ ਦੇ ਹਾਊਸ  ਵਿੱਚ ਨਾ ਪਹੁੰਚਣ ’ਤੇ ਮੀਟਿੰਗ ਰੱਦ ਕੀਤੀ ਜਾਵੇ। ਮਮਤਾ ਆਸ਼ੂ ਦੀ ਹਮਾਇਤ ਵਿੱਚ ਕੁਝ ਕੌਂਸਲਰਾਂ ਨੇ ਵੀ ਉਨ੍ਹਾਂ ਦੇ ਇਸ ਵਿਚਾਰ ਦੀ ਹਾਮੀ ਭਰੀ ਪਰ ਜਿਉਂ ਹੀ ਕਮਿਸ਼ਨਰ ਸ਼ੇਨਾ ਅਗਰਵਾਲ ਮੀਟਿੰਗ ਵਿੱਚ ਹਾਜ਼ਰ ਹੋਏ ਤਾਂ ਇਹ ਮੁੱਦਾ ਸ਼ਾਂਤ ਹੋ ਗਿਆ। 

ਕੌਂਸਲਰਾਂ ਦੇ ਰਿਸ਼ਤੇਦਾਰ ਅਤੇ ਵਿਧਾਇਕਾਂ ਦੇ ਪੀਏ ਬਾਹਰ ਕੱਢੇ

ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਕੁੱਝ ਕੌਂਸਲਰਾਂ ਨੇ ਮੀਟਿੰਗ ਵਿੱਚ ਹਾਜ਼ਰ ਮਹਿਲਾ ਕੌਂਸਲਰਾਂ ਦੇ ਰਿਸ਼ਤੇਦਾਰਾਂ ਅਤੇ ਵਿਧਾਇਕਾਂ ਨਾਲ ਆਏ ਉਨ੍ਹਾਂ ਦੇ ਨਿੱਜੀ ਸਹਾਇਕਾਂ ਦੀ ਮੀਟਿੰਗ ਵਿੱਚ ਹਾਜ਼ਰੀ ਦਾ ਵਿਰੋਧ ਕੀਤਾ। ਮੇਅਰ ਸੰਧੂ ਨੇ ਸੀਨੀਅਰ ਕੌਂਸਲਰਾਂ ਨਾਲ ਸਲਾਹ ਕਰਨ ਤੋਂ ਬਾਅਦ ਕੌਂਸਲਰਾਂ ਦੇ ਰਿਸ਼ਤੇਦਾਰਾਂ ਅਤੇ ਵਿਧਾਇਕਾਂ ਦੇ ਨਿੱਜੀ ਸਹਾਇਕਾਂ ਨੂੰ ਮੀਟਿੰਗ ਵਿੱਚੋਂ ਬਾਹਰ ਭੇਜ ਦਿੱਤਾ।

ਵਿਧਾਇਕ ਪੱਪੀ ਅਤੇ ਸੀਨੀਅਰ ਡਿਪਟੀ ਮੇਅਰ ਉਲਝੇ

ਮੀਟਿੰਗ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਆਪਸ ਵਿੱਚ ਉਲਝ ਕੇ ਬਹਿਸ ਕਰਦੇ ਰਹੇ ਜਿਸ ’ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕੌਸਲਰ ਸਵਰਨਦੀਪ ਚਾਹਲ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਵਿਧਾਇਕ ਪੱਪੀ ਨੇ ਦੋਸ਼ ਲਗਾਇਆ ਸੀ ਕਿ ਦਰੇਸੀ ਮੈਦਾਨ ਵਿੱਚ ਚੱਲ ਰਹੇ ਦਸਹਿਰਾ ਮੇਲੇ ਦੌਰਾਨ ਠੇਕੇਦਾਰ ਵੱਲੋਂ ਦੁਕਾਨਦਾਰਾਂ ਕੋਲੋਂ ਮੋਟੀ ਰਕਮ ਵਸੂਲੀ ਜਾ ਰਹੀ ਹੈ ਅਤੇ ਨਿਗਮ ਨੂੰ ਚਾਹੀਦਾ ਹੈ ਕਿ ਉਹ ਠੇਕੇਦਾਰ ਕੋਲੋਂ ਟੈਕਸ ਲੈਣ। ਸ਼ਾਮ ਸੁੰਦਰ ਮਲਹੋਤਰਾ ਨੇ ਵਿਰੋਧ ਕਰਦਿਆਂ ਕਿਹਾ ਕਿ ਪੈਸੇ ਲੈਣ ਦੀ ਗਲ ਗਲਤ ਹੈ ਅਤੇ ਜੇ ਕੋਈ ਸਬੂਤ ਹੈ ਤਾਂ ਹਾਊਸ ਦੀ ਮੀਟਿੰਗ ਵਿੱਚ ਰੱਖਿਆ ਜਾਵੇ। ਇਸ ’ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਦੋਸ਼ ਠੇਕੇਦਾਰ ’ਤੇ ਲੱਗ ਰਿਹਾ ਹੈ ਤਾਂ ਮਲਹੋਤਰਾ ਸਫ਼ਾਈ ਕਿਉਂ ਦੇ ਰਿਹਾ ਹੈ। ਇਸ ’ਤੇ ਹੋਰ ਕੌਂਸਲਰਾਂ ਨੇ ਵੀ ਸ਼ਾਮ ਸੁੰਦਰ ਮਲਹੋਤਰਾ ਨੂੰ ਬਿਠਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All