ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜਨਵਰੀ
ਮੁੱਖ ਮੰਤਰੀ ਦੀ ਫੇਰੀ ਨੂੰ ਦੇਖਦਿਆਂ ਸਥਾਨਕ ਤਾਜਪੁਰ ਰੋਡ ‘ਤੇ ਨਗਰ ਨਿਗਮ ਦੇ ਕਾਮੇ ਐਤਵਾਰ ਛੁੱਟੀ ਵਾਲੇ ਦਿਨ ਵੀ ਡਿਵਾਈਡਰਾਂ ਨੂੰ ਰੰਗ ਅਤੇ ਸਫ਼ਾਈ ਕਰਦੇ ਰਹੇ। ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਲੋ ਮੁੱਖ ਮੰਤਰੀ ਫੇਰੀ ਕਰ ਕੇ ਹੀ ਸਹੀ ਤਾਜਪੁਰ ਰੋਡ ਵਾਲੀ ਸੜਕ ਅਤੇ ਆਸ-ਪਾਸ ਦੀ ਸਫਾਈ ਤਾਂ ਹੋ ਗਈ।
ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਉਦਘਾਟਨ ਲਈ ਮੁੱਖ ਮੰਤਰੀ ਪੰਜਾਬ 2 ਫਰਵਰੀ ਨੂੰ ਤਾਜਪੁਰ ਰੋਡ ‘ਤੇ ਆ ਰਹੇ ਹਨ। ਇਸ ਫੇਰੀ ਨੂੰ ਭਾਵੇਂ ਅਜੇ ਕੁਝ ਦਿਨ ਬਾਕੀ ਹਨ ਪਰ ਇਸ ਸੜਕ ‘ਤੇ ਹੁਣ ਤੋਂ ਹੀ ਚਹਿਲ-ਪਹਿਲ ਵੱਧ ਗਈ ਹੈ। ਸੜਕ ਦੇ ਡਿਵਾਈਡਰਾਂ ਦੀ ਮੁਰੰਮਤ ਦੇ ਨਾਲ-ਨਾਲ ਰੰਗ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਡਿਵਾਈਡਰਾਂ ‘ਤੇ ਲੱਗੇ ਬੂਟਿਆਂ ਦੇ ਆਲੇ-ਦੁਆਲੇ ਉੱਗੀ ਬੂਟੀ ਅਤੇ ਪਈ ਗੰਦਗੀ ਨੂੰ ਵੀ ਤੇਜ਼ੀ ਨਾਲ ਸਾਫ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਦਰਜਨਾਂ ਨਗਰ ਨਿਗਮ ਦੇ ਮੁਲਾਜ਼ਮ ਡਿਵਾਈਡਰ ਨੂੰ ਪੇਂਟ ਕਰਦੇ ਦੇਖੇ ਗਏ। ਇਸ ਦੌਰਾਨ ਸੜਕ ਦੇ ਕਿਨਾਰਿਆਂ ਦੀ ਸਫ਼ਾਈ ਅਤੇ ਮੁਰਮੰਤ ਦਾ ਕੰਮ ਵੀ ਨਾਲੋ ਨਾਲ ਕੀਤਾ ਜਾ ਰਿਹਾ ਸੀ। ਸਫ਼ਾਈ ਅਤੇ ਮੁਰੰਮਤ ਦੇ ਕੰਮ ਵਿੱਚ ਤੇਜ਼ੀ ਦੇਖ ਸਥਾਨਕ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚਲੋਂ ਮੁੱਖ ਮੰਤਰੀ ਦੀ ਫੇਰੀ ਕਰਕੇ ਹੀ ਸਹੀ, ਸੜ੍ਹਕ ਅਤੇ ਆਸ-ਪਾਸ ਦੀ ਸਫਾਈ ਤਾਂ ਹੋ ਰਹੀ ਹੈ। ਇੱਥੋਂ ਦੇ ਨਿਵਾਸੀ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਜੇਕਰ ਇਸ ਸੜਕ ‘ਤੇ ਘੁੰਮਦੇ ਲਾਵਾਰਿਸ ਪਸ਼ੂਆਂ ਦਾ ਕੋਈ ਢੁੱਕਵਾਂ ਹੱਲ ਹੋ ਜਾਵੇ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ।