
ਸਰਕਾਰੀ ਮਲਟੀਪਰਪਜ਼ ਸਕੂਲ ’ਚ ਵਿਦਿਆਰਥਣ ਦਾ ਸੈਂਪਲ ਲੈਂਦਾ ਹੋਇਆ ਸਿਹਤ ਕਰਮੀ।-ਫੋਟੋ: ਇੰਦਰਜੀਤ
ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਜ਼ਿਲ੍ਹੇ ’ਚ ਇੱਕ ਵਾਰ ਫਿਰ ਤੋਂ ਕਰੋਨਾ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਸ਼ਹਿਰ ’ਚ ਰੋਜ਼ਾਨਾ 60 ਤੋਂ ਜ਼ਿਆਦਾ ਕਰੋਨਾ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਵੀ 81 ਕਰੋਨਾ ਕੇਸ ਸਾਹਮਣੇ ਆਏ, ਜਿਨ੍ਹਾਂ ’ਚੋਂ 64 ਜ਼ਿਲ੍ਹਾ ਲੁਧਿਆਣਾ ਤੇ 17 ਕੇਸ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਸਨ। ਕਰੋਨਾ ਪੀੜਤ ਆਉਣ ਵਾਲਿਆਂ ’ਚ ਇਟਲੀ ਦੇ ਤਿੰਨ ਨਾਗਰਿਕ ਜੋ ਕਿ ਭਾਰਤ ਯਾਤਰਾ ’ਤੇ ਹਨ, ਚਾਰ ਸਕੂਲੀ ਵਿਦਿਆਰਥੀ ਦੇ ਹੋਰ ਸ਼ਾਮਲ ਹਨ।
ਵਿਦਿਆਰਥੀਆਂ ਵਿੱਚ ਇੱਕ ਵਿਦਿਆਰਥਈ ਬੀਆਰਐੱਸ ਨਗਰ ਸਥਿਤ ਡੀਏਵੀ ਪਬਲਿਕ ਸਕੂਲ, ਮਾਛੀਵਾੜਾ ਦੇ ਗੁਰਮਤਿ ਪਬਲਿਕ ਸਕੂਲ ਚੜੌਂਦੀ, ਇੱਕ ਵਿਦਿਆਰਥੀ ਡੀਐੱਮਸੀ ਕਾਲਜ ਤੇ ਐੱਸ.ਕੇ.ਐੱਸ ਨਰਸਿੰਗ ਕਾਲਜ ਸਰਾਭਾ ਨਗਰ ਦਾ ਇੱਕ ਵਿਦਿਆਰਥੀ ਸ਼ਾਮਲ ਹੈ। ਜ਼ਿਲ੍ਹੇ ’ਚ ਸੋਮਵਾਰ ਨੂੰ ਕਰੋਨਾਵਾਇਰਸ ਦੀ ਚਪੇਟ ’ਚ ਆਉਣ ਨਾਲ ਚਾਰ ਲੋਕਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ’ਚ ਇੱਕ ਲੁਧਿਆਣਾ ਤੇ ਤਿੰਨ ਮੌਤਾਂ ਨਵਾਂ ਸ਼ਹਿਰ ਨਾਲ ਸੰਬੰਧਤ ਹਨ। ਪਾਇਲ ਦੀ 56 ਸਾਲਾਂ ਔਰਤ ਨੇ ਸੀਐੱਮਸੀ ਹਸਪਤਾਲ ’ਚ ਦਮ ਤੋੜਿਆ ਹੈ। ਜ਼ਿਲ੍ਹਾ ਲੁਧਿਆਣਾ ’ਚ ਕਰੋਨਾ ਦੀ ਗਿਣਤੀ ਹੁਣ 27180 ’ਤੇ ਪੁੱਜ ਗਿਆ ਹੈ ਤੇ ਮਰਨ ਵਾਲਿਆਂ ਦੀ ਗਿਣਤੀ 1030 ਹੋ ਗਈ ਹੈ। ਲੁਧਿਆਣਾ ’ਚ ਐਕਟਿਵ ਕੇਸਾਂ ਦੀ ਗਿਣਤੀ 564 ਹੋ ਗਈ ਹੈ। ਇਨ੍ਹਾਂ ’ਚ 430 ਲੋਕ ਆਈਸੋਲੇਸ਼ਨ, 9 ਸਰਕਾਰੀ ਤੇ 59 ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਅਧੀਨ ਹਨ।
ਨਿੱਜੀ ਹਸਪਤਾਲਾਂ ’ਚ 250 ਰੁਪਏ ’ਚ ਕਰੋਨਾ ਵੈਕਸੀਨ ਲੱਗਣੀ ਸ਼ੁਰੂ
ਲੁਧਿਆਣਾ: ਕਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ 60 ਸਾਲ ਤੋਂ ਵੱਧ ਉਮਰ ਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਵਿਅਕਤੀਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਦਾ ਇਹ ਪੜਾਅ ਵਾਇਰਸ ਦੇ ਸੰਚਾਰਣ ਦੀ ਲੜੀ ਨੂੰ ਤੋੜ ਕੇ ਕੋਵਿਡ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ। ਡਿਪਟੀ ਕਮਿਸ਼ਨਰ ਨੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਕੋਵਿਡ ਵੈਕਸੀਨੇਸ਼ਨ ਕਰਵਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਕਾਕਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ’ਤੇ ਪੂਰੀ ਤਰ੍ਹਾਂ ਮੁਫਤ ਕੀਤਾ ਜਾਵੇਗਾ, ਪ੍ਰਾਈਵੇਟ ਸਿਹਤ ਸੰਸਥਾਵਾਂ ਹਰ ਲਾਭਪਾਤਰੀ ਕੋਲੋਂ 250 ਰੁਪਏ (ਪ੍ਰਤੀ ਖੁਰਾਕ) ਤੋਂ ਚਾਰਜ ਕਰ ਸਕਦੀਆਂ ਹਨ, ਜਿਸ ਵਿਚ ਟੀਕੇ ਦੀ ਕੀਮਤ 150 ਰੁਪਏ ਅਤੇ 100 ਰੁਪਏ ਸੇਵਾ ਖਰਚ ਸ਼ਾਮਲ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ