ਗਗਨਦੀਪ ਅਰੋੜਾ
ਲੁਧਿਆਣਾ, 23 ਅਕਤੂਬਰ
ਕਰੋਨਾਵਾਇਰਸ ਨਾਲ ਲੁਧਿਆਣਾ ’ਚ 24 ਘੰਟਿਆਂ ਦੌਰਾਨ 2 ਲੋਕ ਹੋਰ ਦਮ ਤੋੜ ਚੁੱਕੇ ਹਨ ਤੇ 53 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਸ ਤੋਂ ਬਾਅਦ ਹੁਣ ਤੱਕ ਕੁੱਲ ਕਰੋਨਾ ਮਰੀਜ਼ਾ ਦਾ ਗਿਣਤੀ 19,890 ਦੇ ਕਰੀਬ ਪੁੱਜ ਗਈ ਹੈ। ਸਿਹਤ ਵਿਭਾਗ ਵੱਲੋਂ 3,459 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੁਧਿਆਣਾ ’ਚ 62 ਦੇ ਕਰੀਬ ਕਰੋਨਾ ਕੇਸ ਸਾਹਮਣੇ ਆਏ ਹਨ। ਕਰੋਨਾ ਨਾਲ ਮਰਨ ਵਾਲਾ ਇੱਕ ਵਿਅਕਤੀ ਨਵਾਂ ਸ਼ਹਿਰ ਤੇ ਇੱਕ ਸੰਗਰੂਰ ਵਾਸੀ ਹੈ।
ਪਾੜ੍ਹਿਆਂ ਦੀ ਸੁਰੱਖਿਆ ਵੱਲ ਖਾਸ ਧਿਆਨ
ਖੰਨਾ (ਜੋਗਿੰਦਰ ਸਿੰਘ ਓਬਰਾਏ): ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 26 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਓਪਨ ਸਕੂਲ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਬਣੇ ਪ੍ਰੀਖਿਆ ਕੇਂਦਰ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਤੀਸ਼ ਕੁਮਾਰ ਦੁਆ ਨੇ ਦੱਸਿਆ ਕਿ ਸੈਨੇਟਾਈਜ਼ ਕੀਤੇ ਜਾਣ ਦਾ ਕੰਮ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਅਫ਼ਸਰ ਯਸ਼ਪਾਲ ਗੋਮੀ ਦੀ ਅਗਵਾਈ ਹੇਠਾਂ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਨੇ ਪ੍ਰੀਖਿਆ ਕੇਂਦਰ ਵਿਚ ਪੇਪਰ ਦੇਣ ਆਉਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਤੋਂ ਬਿਨਾਂ ਪ੍ਰੀਖਿਆ ਦੇਣ ਨਾ ਆਉਣ।