ਕਰੋਨਾ: ਮਾਛੀਵਾੜਾ ਦੀ ਕਲਗੀਧਰ ਕਲੋਨੀ ਸੀਲ

ਸਿਹਤ ਵਿਭਾਗ ਨੇ ਕਲੋਨੀ ਵਾਸੀਆਂ ਦੇ ਸੈਂਪਲ ਲਏ

ਕਰੋਨਾ: ਮਾਛੀਵਾੜਾ ਦੀ ਕਲਗੀਧਰ ਕਲੋਨੀ ਸੀਲ

ਕਲਗੀਧਰ ਕਲੋਨੀ ਵਾਸੀਆਂ ਦੇ ਸੈਂਪਲ ਲੈਂਦੀ ਹੋਈ ਸਿਹਤ ਵਿਭਾਗ ਦੀ ਟੀਮ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਗਸਤ

ਮਾਛੀਵਾੜਾ ਸ਼ਹਿਰ ’ਚ ਕਰੋਨਾ ਦੇ ਵਧਦੇ ਪ੍ਰਭਾਵ ਕਾਰਨ ਸਿਹਤ ਵਿਭਾਗ ਨੇ ਅੱਜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਨੇੜੇ ਸਥਿਤ ਕਲਗੀਧਰ ਕਲੋਨੀ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਸੀਲ ਕਰ ਦਿੱਤਾ। ਇਸ ਕਲੋਨੀ ’ਚ ਸਿਹਤ ਵਿਭਾਗ ਦਾ ਇੱਕ ਕਰਮਚਾਰੀ ਅਤੇ ਉਸਦੇ ਚਾਰ ਹੋਰ ਪਰਿਵਾਰਕ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਸ ’ਤੇ ਵਿਭਾਗ ਨੇ ਇਹ ਫ਼ੈਸਲਾ ਲਿਆ। ਅੱਜ ਐੱਸਐੱਮਓ ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ’ਚ ਸ਼ਾਮਲ ਜਸਵੰਤ ਸਿੰਘ, ਮਨਮੋਹਣ ਸਿੰਘ, ਜਸਵਿੰਦਰ ਕੌਰ ਤੇ ਹਰਵਿੰਦਰ ਕੌਰ ਨੇ ਕਲਗੀਧਰ ਕਲੋਨੀ ’ਚ ਜਾ ਕੇ ਕਰੀਬ 50 ਲੋਕਾਂ ਦੇ ਕਰੋਨਾ ਸੈਂਪਲ ਲਏ। ਉਨ੍ਹਾਂ ਲੋਕਾਂ ਨੂੰ ਬਿਨਾਂ ਕੰਮ ਤੋਂ ਘਰਾਂ ’ਚੋਂ ਨਾ ਨਿਕਲਣ ਦੀ ਹਦਾਇਤ ਵੀ ਕੀਤੀ।

ਇਸੇ ਦੌਰਾਨ ਮਾਛੀਵਾੜਾ ਦੀ ਇੰਦਰਾ ਕਲੋਨੀ ਵਿੱਚ ਇੱਕ ਔਰਤ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ। ਇਸ ਕਲੋਨੀ ’ਚ ਇਹ ਦੂਸਰਾ ਮਾਮਲਾ ਹੈ। ਇਸ ਤੋਂ ਇਲਾਵਾ ਇਥੇ ਆੜ੍ਹਤੀ ਪਰਿਵਾਰ ’ਚੋਂ ਇੱਕ ਹੋਰ ਨੌਜਵਾਨ ਕਰੋਨਾ ਪਾਜ਼ੇਟਿਵ ਆ ਗਿਆ ਜਦਕਿ ਲੁਧਿਆਣਾ ਵਾਸੀ ਇੱਕ ਵਿਅਕਤੀ, ਜੋ ਟੈਸਟ ਮਾਛੀਵਾੜਾ ਹਸਪਤਾਲ ’ਚ ਕਰਵਾ ਕੇ ਗਿਆ ਸੀ, ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਮਾਛੀਵਾੜਾ ਇਲਾਕੇ ’ਚ ਹੁਣ ਤੱਕ 32 ਪਾਜ਼ੇਟਿਵ ਮਾਮਲੇ ਹੋ ਚੁੱਕੇ ਹਨ।

ਕਰੋਨਾ ਮਰੀਜ਼ਾਂ ਦੇ ਸਸਕਾਰ ਲਈ ਦੂਜੀ ਭੱਠੀ ਸ਼ੁਰੂ

ਲੁਧਿਆਣਾ (ਖੇਤਰੀ ਪ੍ਰਤੀਨਿਧ): ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਰੋਨਾ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਸਥਾਨਕ ਰਾਮਗੜ੍ਹੀਆ ਸਮਸ਼ਾਨਘਾਟ ਵਿੱਚ ਅੱਜ ਤੋਂ ਦੂਜੀ ਭੱਠੀ ਵੀ ਸ਼ੁਰੂ ਕਰ ਦਿੱਤੀ ਗਈ। ਹੁਣ ਤੱਕ ਇਸ ਸਮਸ਼ਾਨਘਾਟ ਵਿੱਚ 124 ਤੋਂ ਵੱਧ ਕਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ। ਸਥਾਨਕ ਜੀਟੀ ਰੋਡ ਮਿਲਟਰੀ ਕੈਂਪ ਦੇ ਸਾਹਮਣੇ ਵਾਲੀ ਰਾਮਗੜ੍ਹੀਆ ਸਮਸ਼ਾਨਘਾਟ ’ਚ ਪਹਿਲਾਂ ਰੋਜ਼ਾਨਾ 3 ਤੋਂ 4 ਸਸਕਾਰ ਕੀਤੇ ਜਾਂਦੇ ਸਨ ਜੋ ਹੁਣ ਵਧ ਕੇ 4-5 ਤੱਕ ਪਹੁੰਚ ਗਏ ਹਨ। ਇਨਾਂ ਸਸਕਾਰਾਂ ਸਮੇਂ ਗ੍ਰੰਥੀ ਗੁਰਦੇਵ ਸਿੰਘ ਅਤੇ ਪੰਡਿਤ ਪੰਕਜ ਸ਼ਰਮਾ ਵੱਲੋਂ ਅੰਤਿਮ ਰਸਮਾਂ ਨਿਭਾਉਣ ਦੀ ਸੇਵਾ ਕੀਤੀ ਜਾਂਦੀ ਹੈ ਜਦਕਿ ਇੱਕ ਪ੍ਰਵੀਨ ਕੁਮਾਰ ਨਾਂ ਦੇ ਨੌਜਵਾਨ ਵੱਲੋਂ ਸਫਾਈ ਮੁਲਾਜ਼ਮ ਵਜੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਇਨਾਂ ਤਿੰਨ ਲਈ ਸਰਕਾਰ ਤੋਂ ਬੀਮੇ ਦੀ ਸਹੂਲਤ ਦੀ ਮੰਗ ਕੀਤੀ ਗਈ ਸੀ ਪਰ ਪਤਾ ਲੱਗਾ ਹੈ ਕਿ ਹਾਲਾਂ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਐਡਜੈਕਟਿਵ ਕਮੇਟੀ ਵੱਲੋਂ ਇਹ ਸੇਵਾ ਇਸ ਸਾਲ ਅਪਰੈਲ ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ। ਮਨੁੱਖਤਾ ਦੀ ਸੇਵਾ ਕਰਨ ਲਈ ਇਸ ਕਾਰਜ਼ ਵਿੱਚ ਰਜਿੰਦਰ ਬਾਂਸਲ, ਸੰਜੀਵ ਗੁਪਤਾ, ਅਮਰਜੀਤ ਸਿੰਘ ਸਿਆਣ (ਯੂ.ਐੱਸ.ਏ), ਹਰਪ੍ਰੀਤ ਸਿੰਘ, ਦੀਦਾਰਜੀਤ ਸਿੰਘ ਲੋਟੇ ਨੇ ਇਸ ਦੁੱਖ ਦੀ ਘੜੀ ਵਿੱਚ ਭਲਾ ਕਰਨ ਹਿੱਤ ਅਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਸਮਸ਼ਾਨਘਾਟ ਦੇ ਪ੍ਰਬੰਧਕ ਅਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਦੱਸਿਆ ਕਿ ਅੱਜ ਦੂਜੀ ਭੱਠੀ ਸ਼ੁਰੂ ਕੀਤੀ ਗਈ ਹੈ ਅਤੇ ਤੀਜੀ ਭੱਠੀ ਦਾ ਕੰਮ ਇੱਕ ਹਫ਼ਤੇ ਤੱਕ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇੱਥੇ ਕਰੋਨਾ ਨਾਲ ਮਰਨ ਵਾਲਿਆਂ ਦੇ ਰੋਜ਼ਾਨਾ 4-5 ਸਸਕਾਰ ਕੀਤੇ ਜਾਂਦੇ ਹਨ।

ਸਮਰਾਲਾ ਵਿੱਚ ਕਰਿਆਨਾ ਵਪਾਰੀ ਦੀ ਮੌਤ

ਸਮਰਾਲਾ (ਪੱਤਰ ਪ੍ਰੇਰਕ): ਸ਼ਹਿਰ ਦੇ ਇਕ ਕਰਿਆਨਾ ਵਪਾਰੀ ਦੀ ਕਰੋਨਾ ਨਾਲ ਹੋਈ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੇ 56 ਸਾਲਾ ਕਰਿਆਨਾ ਵਪਾਰੀ ਨੂੰ ਕੁਝ ਦਿਨ ਪਹਿਲਾਂ ਸਾਹ ਲੈਣ ਵਿਚ ਤਕਲੀਫ ਹੋਣ ’ਤੇ ਇਲਾਜ ਲਈ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਾਂਚ ਮਗਰੋਂ ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਥੇ ਇਲਾਜ ਦੌਰਾਨ ਸਿਹਤ ਵਿਗੜਨ ‘ਤੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿਥੇ ਕਿ ਅੱਜ ਤੜਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਰਜਕਾਰੀ ਮੈਜਿਸਟ੍ਰੇਟ ਸੁਰਿੰਦਰ ਕੁਮਾਰ ਪੱਬੀ ਦੀ ਨਿਗਰਾਨੀ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਸੁਰੱਖਿਆ ਕਿੱਟ ਪਾਕੇ ਮ੍ਰਿਤਕ ਦਾ ਅਜ ਸਥਾਨਕ ਸਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮਾਂ ਮ੍ਰਿਤਕ ਵਪਾਰੀ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ।

ਨਿੱਜੀ ਹਸਪਤਾਲ ਦਾ ਅਮਲਾ ਇਕਾਂਤਵਾਸ

ਜਗਰਾਉਂ (ਪੱਤਰ ਪ੍ਰੇਰਕ): ਆਈਸੋਲੇਸ਼ਨ ਵਾਰਡ ਸਿਵਲ ਜਗਰਾਉਂ ’ਚ ਕਰੋਨਾ ਦੇ 16 ਮਰੀਜ਼ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ। ਸਿੱਧਵਾਂ ਬੇਟ, ਸਿੱਧਵਾਂ ਕਲਾਂ, ਸ਼ਾਸਤਰੀ ਨਗਰ, ਮਲਕ, ਮੱਲਾ ’ਚ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਤੋਂ ਇਲਾਵਾ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ, ਸਾਰਾ ਹੀ ਅਮਲਾ ਇਕਾਂਤਵਾਸ ਕਰ ਦਿੱਤਾ ਗਿਆ, ਜਦਕਿ ਡਾਕਟਰ ਲੁਧਿਆਣਾ ਦੇ ਇੱਕ ਵੱਡੇ ਨਿੱਜੀ ਹਸਪਤਾਲ ’ਚ ਦਾਖਲ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ 72 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 48 ਦੀ ਰਿਪੋਰਟ ਨੈਗੇਟਿਵ ਆਈ ਹੈ 24 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All