ਸਤਵਿੰਦਰ ਬਸਰਾ
ਲੁਧਿਆਣਾ, 24 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਰੋਨਾ ਨੂੰ ਠੱਲ੍ਹ ਪੈਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਕਰੋਨਾ ਦੇ 231 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 12 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਮੌਜੂਦਾ ਸਮੇਂ ਤੱਕ ਇਸ ਮਹਾਮਾਰੀ ’ਤੇ ਪੂਰੀ ਤਰ੍ਹਾਂ ਠੱਲ੍ਹ ਨਹੀਂ ਪੈ ਸਕੀ। ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਕਰੋਨਾ ਦੇ 231 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਾਂ ਵਿੱਚੋਂ 191 ਮਾਮਲੇ ਸਿਰਫ ਲੁਧਿਆਣਾ ਜ਼ਿਲ੍ਹੇ ਨਾਲ ਜਦਕਿ 40 ਮਾਮਲੇ ਹੋਰਨਾਂ ਰਾਜਾਂ ਅਤੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਅੱਜ ਹੋਈਆਂ 12 ਮੌਤਾਂ ਵਿੱਚੋਂ 7 ਮੌਤਾਂ ਲੁਧਿਆਣਾ, ਕਪੂਰਥਲਾ, ਮੋਗਾ ਅਤੇ ਨਵਾਂ ਸ਼ਹਿਰ 1-1 ਜਦਕਿ 2 ਮੌਤਾਂ ਹਰਿਆਣਾ ਰਾਜ ਨਾਲ ਸਬੰਧਤ ਮਰੀਜ਼ਾਂ ਦੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 5079 ਸੈਂਪਲ ਲਏ ਗਏ। ਇਸ ਤੋਂ ਇਲਾਵਾ ਅੱਜ 180 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ।