ਰਸੋਈਆ ਚਾਂਦੀ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ
ਗੁਰਦੇਵ ਨਗਰ ਰਹਿੰਦੇ ਇੱਕ ਵਿਅਕਤੀ ਦੇ ਘਰ ਟਰਾਇਲ ਦੇਣ ਲਈ ਆਇਆ ਇੱਕ ਰਸੋਈਆ ਘਰ ਦੇ ਮੰਦਰ ਵਿੱਚੋਂ ਲੱਖਾਂ ਰੁਪਏ ਦੇ ਮੁੱਲ ਦਾ ਚਾਂਦੀ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਗੁਰਦੇਵ ਨਗਰ ਵਾਸੀ...
ਗੁਰਦੇਵ ਨਗਰ ਰਹਿੰਦੇ ਇੱਕ ਵਿਅਕਤੀ ਦੇ ਘਰ ਟਰਾਇਲ ਦੇਣ ਲਈ ਆਇਆ ਇੱਕ ਰਸੋਈਆ ਘਰ ਦੇ ਮੰਦਰ ਵਿੱਚੋਂ ਲੱਖਾਂ ਰੁਪਏ ਦੇ ਮੁੱਲ ਦਾ ਚਾਂਦੀ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ।
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਗੁਰਦੇਵ ਨਗਰ ਵਾਸੀ ਵਿਜੈ ਘਈ ਦੇ ਘਰ ਸਨਾ ਖੁਰਾਣਾ ਨੇ ਅਜੈ ਕੁਮਾਰ ਨੂੰ ਘਰ ਵਿੱਚ ਰਸੋਈ ਦੇ ਕੰਮ ਲਈ ਭੇਜਿਆ ਸੀ। ਉਸ ਨੂੰ ਟਰਾਇਲ ਵਾਸਤੇ ਰਸੋਈ ਵਿੱਚ ਭੇਜ ਦਿੱਤਾ ਤਾਂ ਉਹ ਮੌਕਾ ਦੇਖ ਕੇ ਘਰ ਵਿੱਚ ਬਣੇ ਮੰਦਰ ਵਿੱਚੋਂ ਚਾਂਦੀ ਦਾ ਸਾਮਾਨ (ਬਰਤਨ, ਚੰਦ ਝੂਲਾ, ਸਿੱਕਾ ਅਤੇ ਟਰੇਅ ਵਗੈਰਾ) ਚੋਰੀ ਕਰ ਕੇ ਲੈ ਗਿਆ। ਇਸ ਚੋਰੀ ਹੋਏ ਚਾਂਦੀ ਦੇ ਸਾਮਾਨ ਦਾ ਵਜ਼ਨ 950 ਗਰਾਮ ਦੇ ਕਰੀਬ ਹੈ। ਥਾਣੇਦਾਰ ਸੁਖਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਅਜੈ ਕੁਮਾਰ ਵਾਸੀ ਯੂ ਪੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇੱਕ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਲੜਕੀਆਂ ਸਣੇ ਸੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਿਆਸ ਵਾਸੀ ਵੱਸਣ ਸਿੰਘ ਦੇ ਲੜਕੇ ਆਕਾਸ਼ਦੀਪ ਸਿੰਘ ਨੂੰ ਆਸਟਰੇਲਿਆ ਭੇਜਣ ਦਾ ਝਾਂਸਾ ਦੇ ਕੇ ਚੀਮਾ ਚੌਕ ਸਥਿਤ ਇੱਕ ਕੰਪਨੀ ਦੀ ਮੈਨੇਜਰ ਅਤੇ ਇੱਕ ਹੋਰ ਲੜਕੀ ਸਣੇ ਸੱਤ ਜਣਿਆਂ ਨੇ ਉਸ ਪਾਸੋਂ 5.82 ਲੱਖ ਰੁਪਏ ਹਾਸਲ ਕਰ ਕੇ ਨਾ ਤਾਂ ਆਕਾਸ਼ਦੀਪ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣੇਦਾਰ ਬਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹੁਤਾ ਲਾਪਤਾ
ਥਾਣਾ ਦਰੇਸੀ ਦੇ ਇਲਾਕੇ ਛਾਉਣੀ ਮੁਹੱਲੇ ਵਿੱਚ ਰਹਿੰਦੀ ਵਿਆਹੁਤਾ ਔਰਤ ਘਰੋਂ ਬਿਊਟੀ ਪਾਰਲਰ ’ਤੇ ਮੇਕਅਪ ਕਰਵਾਉਣ ਗਈ ਲਾਪਤਾ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਪਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਆਪਣੀ ਪਤਨੀ ਸੁਖਸਿਮਰਨ ਕੌਰ (21) ਨੂੰ ਨਿਊ ਸ਼ਿਵਪੁਰੀ ਵਿੱਚ ਇੱਕ ਸੈਲੂਨ ਵਿੱਚ ਮੈਕਅਪ ਕਰਾਉਣ ਲਈ ਛੱਡ ਕੇ ਆਇਆ ਸੀ। ਉਹ ਜਦੋਂ ਦੋ ਘੰਟਿਆਂ ਬਾਅਦ ਉਸ ਨੂੰ ਲੈਣ ਲਈ ਗਿਆ ਤਾਂ ਉਹ ਉੱਥੇ ਨਹੀਂ ਸੀ। ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸੁਖਸਿਮਰਨ ਦੀ ਕਾਫ਼ੀ ਭਾਲ ਕੀਤੀ। ਉਸ ਨੂੰ ਪਤਾ ਲੱਗਿਆ ਕਿ ਰਿਤਿਕ ਓਰੀ ਵਾਸੀ ਸੈਕਟਰ 32 ਚੰਡੀਗੜ੍ਹ ਰੋਡ ਨੇ ਉਸ ਨੂੰ ਆਪਣੇ ਸਵਾਰਥ ਦੀ ਪੂਰਤੀ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਭਾਲ ਸ਼ੁਰੂ ਕਰ ਦਿੱਤੀ ਹੈ।
ਫੈਕਟਰੀ ’ਚ ਕੰਮ ਦੌਰਾਨ ਮਜ਼ਦੂਰ ਦੀ ਮੌਤ
ਮਾਛੀਵਾੜਾ: ਕੁਹਾੜਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਗੱਠਾਂ ਦੀ ਢੋਆ-ਢੁਆਈ ਕਰਦੇ ਹੋਏ ਮਜ਼ਦੂਰ ਪਰਦੀਪ ਸਿੰਘ ਵਾਸੀ ਭੰਮਾ ਕਲਾਂ ਦੀ ਗੱਠ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਰਦੀਪ ਸਿੰਘ ਇੱਕ ਠੇਕੇਦਾਰ ਅਧੀਨ ਮਿੱਲ ਵਿਚ ਗੱਠਾਂ ਦੀ ਢੋਆ -ਢੁਆਈ ਦਾ ਕੰਮ ਕਰਦਾ ਸੀ। ਕੱਲ੍ਹ ਕੰਮ ਕਰਦਿਆਂ ਅਚਾਨਕ ਇੱਕ ਭਾਠੀ ਗੱਠ ਉਸ ਉੱਪਰ ਆ ਡਿੱਗੀ। ਪਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। -ਪੱਤਰ ਪ੍ਰੇਰਕ
ਚੌਕੀ ਇੰਚਾਰਜ ਦੀ ਮੌਤ
ਲੁਧਿਆਣਾ: ਡੀ ਐੱਮ ਸੀ ਹਸਪਤਾਲ ਦੀ ਪੁਲੀਸ ਚੌਕੀ ਦੇ ਇੰਚਾਰਜ ਵਜੋਂ ਤਾਇਨਾਤ ਏ ਐੱਸ ਆਈ ਸਵਰਨ ਸਿੰਘ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਏ ਐੱਸ ਆਈ ਸਵਰਨ ਸਿੰਘ ਸੀ ਆਈ ਏ ਸਟਾਫ ਸਣੇ ਵੱਖ-ਵੱਖ ਥਾਵਾਂ ’ਤੇ ਸੇਵਾ ਨਿਭਾਅ ਚੁੱਕੇ ਹਨ। ਉਹ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਡੀ ਐੱਮ ਸੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਨ੍ਹਾਂ ਦਾ ਇਲਾਜ ਕਰ ਰਹੀ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬੀਤੀ ਦੇਰ ਰਾਤ ਡੀ ਐੱਮ ਸੀ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਜਿਵੇਂ ਹੀ ਏ ਐੱਸ ਆਈ ਦੀ ਮੌਤ ਦੀ ਖ਼ਬਰ ਮਿਲੀ, ਉਨ੍ਹਾਂ ਦੇ ਸਾਥੀ ਅਧਿਕਾਰੀ ਅਤੇ ਉਨ੍ਹਾਂ ਨੂੰ ਜਾਣਨ ਵਾਲੇ ਹਸਪਤਾਲ ਵਿੱਚ ਪਰਿਵਾਰ ਨੂੰ ਮਿਲਣ ਗਏ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਧਰ, ਸੀਨੀਅਰ ਪੁਲੀਸ ਅਧਿਕਾਰੀਆਂ ਨੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ

