ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਖ਼ੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓਐੱਸਡੀ ਦੱਸ ਕੇ ਰਜਿਸਟਰੀਆਂ ਕਰਵਾਉਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਰਜਿਸਟਰਾਰ, ਮੁਲਜ਼ਮ ਦਾ ਫੋਨ ਨਹੀਂ ਚੁੱਕਦੇ ਸਨ ਤਾਂ ਉਹ ਡੀਸੀ ਦਫ਼ਤਰ ਦੇ ਲੈਂਡਲਾਈਨ ਨੰਬਰ ’ਤੇ ਫੋਨ ਕਰ ਕੇ ਆਖ ਦਿੰਦਾ ਸੀ ਕਿ ਉਸ ਨਾਲ ਗੱਲ ਕੀਤੀ ਜਾਵੇ। ਜਦੋਂ ਅਧਿਕਾਰੀ ਉਸ ਨੂੰ ਫੋਨ ਕਰਦੇ ਤਾਂ ਉਹ ਕੰਮ ਦੱਸ ਦਿੰਦਾ ਸੀ। ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਜਾਂਚ ਕਰਵਾਉਣ ’ਤੇ ਪਤਾ ਲੱਗਾ ਕਿ ਫੋਨ ਕਰਨ ਵਾਲਾ ਮੁੱਖ ਮੰਤਰੀ ਦਾ ਓਐੱਸਡੀ ਨਹੀਂ ਬਲਕਿ ਦੁੱਗਰੀ ਦੇ ਪੰਜਾਬੀ ਬਾਗ਼ ਇਲਾਕੇ ਦਾ ਕਰਮਜੀਤ ਸਿੰਘ ਸੀ। ਪੁਲੀਸ ਨੇ ਸਬ-ਰਜਿਸਟਰਾਰ (ਪੱਛਮੀ) ਡਾ. ਵਿਨੈ ਬਾਂਸ ਤੇ ਸਬ-ਰਜਿਸਟਰਾਰ (ਕੇਂਦਰੀ) ’ਚ ਤਾਇਨਾਤ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ। ਪੁਲੀਸ ਮੁਲਜ਼ਮ ਤੋਂ ਪੜਤਾਲ ਕਰ ਰਹੀ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ’ਤੇ ਸਚਾਈ ਸਾਹਮਣੇ ਆ ਗਈ ਜਿਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਇਹ ਪਤਾ ਲਾ ਰਹੀ ਹੈ ਕਿ ਉਹ ਪਹਿਲਾਂ ਕਿਹੜੇ-ਕਿਹੜੇ ਦਫ਼ਤਰਾਂ ’ਚ ਅਜਿਹਾ ਆਖ ਕੇ ਕੰਮ ਕਰਵਾ ਚੁੱਕਾ ਹੈ।